ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੱਤਰ

ਪਿਆਰੇ ਬੱਚਿਓ ਅਤੇ ਉਨ੍ਹਾਂ ਦੇ ਸਤਿਕਾਰਯੋਗ ਮਾਪਿਓ…..

Advertisements

ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਮਾਝਾ ਖੇਤਰ ਵਿੱਚ ਪਤੰਗਬਾਜ਼ੀ ਵੀ ਇਸ ਜਸ਼ਨ ਦਾ ਹਿੱਸਾ ਹੈ। ਪਿਛਲੇ ਕੁਝ ਸਾਲਾਂ ਤੋਂ ਦੇਖਿਆ ਗਿਆ ਹੈ ਕਿ ਲੋਕ ਪਤੰਗਾਂ ਉਡਾਉਣ ਲਈ ਪਲਾਸਟਿਕ ਦੀ ਡੋਰ ਦੀ ਵਰਤੋਂ ਕਰਦੇ ਹਨ, ਜਿਸ ਨੂੰ ਆਮ ਤੌਰ `ਤੇ `ਚਾਈਨਾ ਡੋਰ` ਕਿਹਾ ਜਾਂਦਾ ਹੈ। ਇਹ ਨਾ ਸਿਰਫ ਪੰਛੀਆਂ ਲਈ ਬਲਕਿ ਸਾਡੇ ਲਈ ਵੀ ਬਹੁਤ ਖਤਰਨਾਕ ਹੈ ਕਿਉਂਕਿ ਇਸ ਨਾਲ ਕਈ ਗੰਭੀਰ ਹਾਦਸੇ ਵਾਪਰਦੇ ਹਨ। ਕਈ ਵਾਰ ਤਾਂ ਇਹ ਡੋਰ ਗਲੇ ਵਿੱਚ ਫਸਣ ਕਾਰਨ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਪਲਾਸਟਿਕ ਦੀ ਇਹ ਡੋਰ ਗੈਰ-ਜੈਵਿਕ ਹੈ ਅਤੇ ਨਾ ਗਲਣ ਕਰਕੇ ਸਾਲਾਂ ਤੱਕ ਦਰੱਖਤਾਂ/ਤਾਰਾਂ `ਤੇ ਲਟਕੀ ਰਹਿੰਦੀ ਹੈ, ਜਿਸ ਕਾਰਨ ਬਹੁਤ ਸਾਰੇ ਪੰਛੀ ਇਸ ਵਿੱਚ ਫਸ ਜਾਂਦੇ ਹਨ।

ਇਸ ਸਾਲ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਇਸ ਬੁਰਾਈ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਪਰ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਸਾਡੇ ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ ਕਿ ਇਹ ਡੋਰ ਬਾਜ਼ਾਰਾਂ ਵਿੱਚ ਨਾ ਵਿਕ ਸਕੇ। ਜੇਕਰ ਕੋਈ ਇਸ ਨੂੰ ਵੇਚਦਾ ਪਾਇਆ ਜਾਂਦਾ ਹੈ ਤਾਂ ਨਾ ਸਿਰਫ ਪੂਰਾ ਸਟਾਕ ਜ਼ਬਤ ਕੀਤਾ ਜਾ ਰਿਹਾ ਹੈ ਬਲਕਿ ਧਾਰਾ 188 ਆਈ.ਪੀ.ਸੀ. ਤਹਿਤ ਐੱਫ.ਆਈ.ਆਰ. ਵੀ ਦਰਜ ਕੀਤੀ ਜਾ ਰਹੀ ਹੈ। ਅਸੀਂ ਛੋਟੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਲਾਸਟਿਕ ਦੀ ਡੋਰ ਨੂੰ ਬਾਲ ਭਵਨ ਤੋਂ ਸੂਤੀ ਧਾਗੇ ਦੀ ਡੋਰ ਨਾਲ ਵਟਾ ਕੇ ਲਿਜਾ ਸਕਦੇ ਹਨ। ਜਿਹੜਾ ਬੱਚਾ ਚਾਈਨਾ ਡੋਰ ਦੇ ਵੱਧ ਗੱਟੂ ਜਮ੍ਹਾਂ ਕਰਵਾਏਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸਨੂੰ ਸੂਤੀ ਧਾਗੇ ਦੀ ਡੋਰ ਅਤੇ ਪਤੰਗਾਂ ਦੇਣ ਦੇ ਨਾਲ ਉਸਦਾ ਸਨਮਾਨ ਵੀ ਕੀਤਾ ਜਾਵੇਗਾ। ਪਾਲਸਟਿਕ/ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਦਾ ਨੰਬਰ 01874-222710 ਹੈ ਜਦਕਿ ਬਟਾਲਾ ਸ਼ਹਿਰ ਵਿਖੇ 01871-299330 ਹੈਲਪ ਲਾਈਨ ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਨ੍ਹਾਂ ਹੈਲਪ ਲਾਈਨ ਨੰਬਰਾਂ ’ਤੇ ਪਲਾਸਟਿਕ/ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ, ਸਰਕਾਰੀ ਅਧਿਕਾਰੀ ਜਾਂ ਕੋਈ ਵੀ ਵਿਅਕਤੀ ਹੋਵੇ, ਉਸ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਆਂਢ-ਗੁਆਂਢ ਕੋਈ ਵਿਅਕਤੀ ਪਲਾਸਟਿਕ/ਚਾਈਨਾ ਡੋਰ ਨਾਲ ਪਤੰਗ ਉੱਡਾ ਰਿਹਾ ਹੈ ਤਾਂ ਤੁਸੀ ਇਸਦੀ ਸੂਚਨਾਂ ਵੀ ਹੈਲਪ ਲਾਈਨ ਦੇ ਨੰਬਰਾਂ ’ਤੇ ਦੇ ਸਕਦੇ ਹੋ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਹੈਲਪ ਲਾਈਨ ਨੰਬਰ ’ਤੇ 20 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਤੇ ਕਾਰਵਾਈ ਕਰਕੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਚਾਈਨਾ ਡੋਰ ਦੇ 500 ਗੱਟੂ ਬਰਾਮਦ ਕੀਤੇ ਹਨ ਅਤੇ 5 ਐੱਫ.ਆਰ.ਆਈਜ਼ ਦਰਜ ਕੀਤੀਆਂ ਹਨ। ਤੁਸੀਂ ਘੱਟੋ-ਘੱਟ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਹਾਡਾ ਨਾਮ ਚਾਈਨਾ ਡੋਰ ਨੂੰ ਰੋਕਣ ਵਾਲਿਆਂ ਦੀ ਸੂਚੀ ਵਿੱਚ ਹੋਵੇ ਨਾ ਕਿ ਡਿਫਾਲਟਰਾਂ ਵਿੱਚ। ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦਾ ਹਾਂ ਕਿ ਆਓ ਲੋਹੜੀ ਦੇ ਇਸ ਤਿਓਹਾਰ ਮੌਕੇ ਮਨੁੱਖੀ/ਪੰਛੀ ਜੀਵਨ ਦੀ ਖਾਤਰ ਗੁਰਦਾਸਪੁਰ ਨੂੰ ਪਲਾਸਟਿਕ ਦੀ ਡੋਰ ਤੋਂ ਮੁਕਤ ਕਰਨ ਦਾ ਪ੍ਰਣ ਕਰੀਏ।

ਧੰਨਵਾਦ…

ਤੁਹਾਡਾ ਆਪਣਾ
ਡਾ. ਹਿਮਾਂਸ਼ੂ ਅਗਰਵਾਲ,
ਡਿਪਟੀ ਕਮਿਸ਼ਨਰ, ਗੁਰਦਾਸਪੁਰ।

LEAVE A REPLY

Please enter your comment!
Please enter your name here