ਪ੍ਰਸ਼ਾਸਨਿਕ ਸੁਧਾਰਾਂ ਵੱਲ ਵੱਧਦੇ ਕਦਮ, ਪੰਜਾਬ ਦੇ ਪਹਿਲੇ ਡੀ.ਸੀ. ਡੈਸ਼ਬੋਰਡ ਦੀ ਪਟਿਆਲਾ ‘ਚ ਸ਼ੁਰੂਆਤ

ਪਟਿਆਲਾ, 24 ਫਰਵਰੀ: ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਕੇ ਪ੍ਰਸ਼ਾਸਿਨਕ ਸੁਧਾਰਾਂ ਵੱਲ ਅਹਿਮ ਕਦਮ ਵਧਾਉਂਦਿਆਂ ਪੰਜਾਬ ਦੇ ਪਹਿਲੇ ਡੀ.ਸੀ. ਡੈਸ਼ਬੋਰਡ ਦੀ ਸ਼ੁਰੂਆਤ ਕੀਤੀ ਹੈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਸੁਧਾਰ ਸ਼ਾਖਾ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੀਸੀ ਡੈਸ਼ਬੋਰਡ ਨੂੰ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

Advertisements

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਪੋਰਟਲ ਵਿਕਸਤ ਕਰਨ ਵਾਲਾ ਪਟਿਆਲਾ ਜ਼ਿਲ੍ਹਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਅਤੇ ਇਸ ਡੀ.ਸੀ. ਡੈਸ਼-ਬੋਰਡ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਕੀਮਾਂ ਤੇ ਪ੍ਰੋਗਰਾਮਾਂ ਅਤੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਨੂੰ ਮੋਨੀਟਰ ਕੀਤਾ ਜਾ ਸਕੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਸਮਾਂਬੱਧ ਤੇ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਡੀ.ਸੀ. ਡੈਸ਼ ਬੋਰਡ ਵੀ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਡੀ.ਸੀ. ਡੈਸ਼ਬੋਰਡ ਵਿਕਸਤ ਕਰਨ ਲਈ ਸਹਿਯੋਗ ਕਰਨ ਵਾਲੇ ਐਚ.ਡੀ.ਐਫ.ਸੀ ਬੈਂਕ ਪਟਿਆਲਾ ਦੇ ਕਲਸਟਰ ਹੈਡ ਸੁਮਿੰਦਰ ਤੋਮਰ ਤੇ ਏਰੀਆ ਹੈਡ ਕਰਨਦੀਪ ਲਾਂਬਾ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਸੇਵਾ ਕੇਂਦਰ, ਈ-ਸੇਵਾ, ਈ-ਆਫ਼ਿਸ, ਪੀਬੀਟਰੈਕ, ਬੀ.ਪੀ.ਆਰ., ਪੀ.ਜੀ.ਆਰ.ਐਸ ਤੇ ਸਰਵਿਸ ਪਲਸ, ਪਵਨ, ਆਰ.ਟੀ.ਆਈ. ਤੇ ਤਕਨੀਕੀ ਕੰਮਾਂ ਨੂੰ ਦੇਖਣ ਵਾਲੀ ਪ੍ਰਸ਼ਾਸਨਿਕ ਸੁਧਾਰ ਬ੍ਰਾਂਚ ਦਾ ਵੀ ਅੱਜ ਨਵੀਨੀਕਰਨ ਮਗਰੋਂ ਉਦਘਾਟਨ ਕੀਤਾ ਗਿਆ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਅਮਰਿੰਦਰ ਸਿੰਘ, ਈ ਗਵਰਨੈਂਸ ਜ਼ਿਲ੍ਹਾ ਕੋਆਰਡੀਨੇਟਰ ਰੋਬਿਨ ਸਿੰਘ ਤੇ ਪੁਸ਼ਪਿੰਦਰ ਜੋਸ਼ੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here