2 ਤੋਂ 4 ਮਾਰਚ ਤੱਕ ਕਿਲਾ ਮੁਬਾਰਕ ‘ਚ ਹੋਣਗੇ ਸ਼ਾਸਤਰੀ ਸੰਗੀਤ ਦੇ ਦਿਲਕਸ਼ ਪ੍ਰੋਗਰਾਮ: ਸਾਕਸ਼ੀ ਸਾਹਨੀ

ਪਟਿਆਲਾ (ਦ ਸਟੈਲਰ ਨਿਊਜ਼) । ਕਰੀਬ ਦੋ ਸਾਲਾਂ ਬਾਅਦ ਹੋ ਰਹੇ ‘ਪਟਿਆਲਾ ਹੈਰੀਟੇਜ ਉਤਸਵ’ ਪ੍ਰਤੀ ਪਟਿਆਲਵੀਆਂ ‘ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 2 ਤੋਂ 4 ਮਾਰਚ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਦੇ ਵਿਹੜੇ ਵਿਖੇ ਸ਼ਾਮ 6 ਵਜੇ ਤੋਂ ਸ਼ਾਸਤਰੀ ਸੰਗੀਤ ਦੇ ਵਿਸ਼ੇਸ਼ ਪ੍ਰੋਗਰਾਮ ਹੋਣਗੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਉਤਸਵ ਬਾਰੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਤੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਨਾਲ ਮੀਟਿੰਗ ਕਰਦਿਆਂ ਸਮੂਹ ਸੰਗੀਤ ਪ੍ਰੇਮੀਆਂ ਤੇ ਪਟਿਆਲਵੀਆਂ ਨੂੰ ਇਸ ਸੰਗੀਤਮਈ ਉਤਸਵ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ।

Advertisements

ਸੰਗੀਤ ਪ੍ਰੇਮੀਆਂ ਤੇ ਪਟਿਆਲਵੀਆਂ ਨੂੰ ਸੰਗੀਤਕ ਪ੍ਰੋਗਰਾਮ ਦਾ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ,ਕਰੀਬ 2 ਸਾਲ ਬਾਅਦ ਹੋ ਰਹੇ ‘ਵਿਰਾਸਤੀ ਉਤਸਵ’ ਪ੍ਰਤੀ ਪਟਿਆਲਵੀਆਂ ‘ਚ ਖਾਸ ਉਤਸ਼ਾਹ

ਸਾਕਸ਼ੀ ਸਾਹਨੀ ਨੇ ਦੱਸਿਆ ਕਿ 2 ਮਾਰਚ ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤਾਚਾਰੀਆ ਤੇ ਧਰੁਪਦ ਸ਼ੈਲੀ ਦੇ ਗਾਇਕ ਉਸਤਾਦ ਫ਼ੈਆਜ਼ ਵਾਸਿਫ਼ੁਦੀਨ ਡਾਗਰ ਤੇ ਉੱਘੇ ਸਿਤਾਰ ਵਾਦਕ ਉਸਤਾਦ ਸ਼ੁਜਾਤ ਖਾਨ ਆਪਣੀ ਪੇਸ਼ਕਾਰੀ ਦੇਣਗੇ। ਜਦਕਿ 3 ਮਾਰਚ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਉੱਘੇ ਸਰੋਦ ਵਾਦਕ ਪੰਡਿਤ ਬਿਸ਼ਵਜੀਤ ਰਾਏ ਚੌਧਰੀ ਤੇ ਬਨਾਰਸ ਘਰਾਣੇ ਦੇ ਸੰਗੀਤਾਚਾਰੀਆ ਪਦਮ ਭੂਸ਼ਨ ਪੰਡਿਤ ਸਾਜਨ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਮਾਰਚ ਨੂੰ ਪਟਿਆਲਾ ਘਰਾਣਾ ਦੇ ਉਘੇ ਸੰਗੀਤਕਾਰ ਪ੍ਰੋ. ਨਵੇਦਿਤਾ ਸਿੰਘ, ਵੱਡੇ ਗੁਲਾਮ ਅਲੀ ਖ਼ਾਨ ਸਾਹਿਬ ਦੇ ਪੋਤਰੇ ਕਸੂਰ ਤੇ ਪਟਿਆਲਾ ਘਰਾਣਾ ਦੇ ਸ਼ਾਸਤਰੀ ਗਾਇਕ ਉਸਤਾਦ ਜਾਵਾਦ ਅਲੀ ਖ਼ਾਨ ਤੇ ਕਥਕ ਸੂਫ਼ੀ ਨਾਚ ਦੇ ਕਲਾਕਾਰ ਮੰਜ਼ੁਰੀ ਚਤੁਰਵੇਦੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ।
ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਗਰਾਮ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਸਾਹਮਣੇ ਖੁੱਲ੍ਹੇ ਵਿਹੜੇ ‘ਚ ਕਰਵਾਏ ਜਾਣਗੇ, ਇਸ ਲਈ ਸਾਰੇ ਨਾਗਰਿਕਾਂ ਨੂੰ ਇਸ ਸੰਗੀਤਮਈ ਸ਼ਾਮ ਮੌਕੇ ਹੋਣ ਵਾਲੇ ਉਤਸਵ ਦਾ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ।

LEAVE A REPLY

Please enter your comment!
Please enter your name here