ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਹੋਏ ਸਭਿਆਚਾਰਕ ਮੁਕਾਬਲਿਆਂ ਨੇ ਬੰਨ੍ਹਿਆਂ ਰੰਗ

ਪਟਿਆਲਾ (ਦ ਸਟੈਲਰ ਨਿਊਜ਼) । ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਅੱਜ ਸ਼ੀਸ਼ ਮਹਿਲ ਦੇ ਵਿਹੜੇ ਲੋਕ ਗੀਤਾਂ ਦੀ ਛਹਿਬਰ ਲੱਗੀ ਅਤੇ ਮਿਰਜ਼ਾ, ਜੁਗਨੀਆਂ, ਛੱਲਾ, ਹੀਰ, ਸੱਸੀ, ਮਿੱਟੀ ਦਾ ਬਾਵਾ ਅਤੇ ਜੱਗੇ ਦੇ ਰੂਪ ਵਿਚ ਲੋਕ ਗਾਇਕੀ ਦੀ ਸਤਰੰਗੀ ਪੀਂਘ ਨੇ ਸਮੁੱਚੇ ਮੇਲੇ ਨੂੰ ਕੀਲ ਲਿਆ। ਵਧੀਕ ਡਿਪਟੀ ਕਮਿਸ਼ਨਰ  ਕਮ- ਮੇਲਾ ਅਫ਼ਸਰ ਈਸ਼ਾ ਸਿੰਘਲ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ਦੇ 24 ਕਾਲਜਾਂ ਨੇ ਸਭਿਆਚਾਰਕ ਮੁਕਾਬਲਿਆਂ ‘ਚ ਹਿੱਸਾ ਲਿਆ। ਮੇਲਾ ਅਫ਼ਸਰ ਈਸ਼ਾ ਸਿੰਗਲ ਨੇ ਕਿਹਾ ਕਿ ਸਭਿਆਚਾਰਕ ਮੁਕਾਬਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਨੇਹਾ ਦੇ ਰਹੇ ਹਨ। ਮੇਲੇ ਦੇ ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਲੋਕ ਗੀਤ ਅਤੇ ਚੀਕਣੀ ਮਿੱਟੀ ਦੇ ਖਿਡਾਉਣੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰੋਗਰਾਮ ਦਾ ਆਗਾਜ਼ ਸਰਕਾਰੀ ਕਾਲਜ ਲੜਕੀਆਂ ਦੇ ਗਰੁੱਪ ਲੋਕ ਗੀਤ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦੇ ਰਿਵਾਇਤੀ ਲੋਕ ਗੀਤ ਲੰਮੀਆਂ ਹੇਕਾਂ ਨਾਲ ਕੀਤਾ ਗਿਆ।
ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਲੋਕ ਗੀਤ ਮੁਕਾਬਲੇ ‘ਚ ਖਾਲਸਾ ਕਾਲਜ ਪਟਿਆਲਾ ਦੇ ਅਰਸ਼ ਅਲੀ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਲੜਕੀਆਂ ਦੀ ਰਿਧਮ ਅਤੇ ਖਾਲਸਾ ਕਾਲਜ ਦੇ ਸੁਹੇਲ ਖਾਨ ਨੇ ਦੂਸਰਾ ਸਥਾਨ ਅਤੇ ਪਬਲਿਕ ਕਾਲਜ ਸਮਾਣਾ ਦੇ ਰਾਜੇਸ਼ ਤੇ ਜਸ਼ਨ ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਉਹਨਾਂ ਦੱਸਿਆ ਕਿ ਸਾਰੰਗੀਆਂ ਅਲਗੋਜ਼ਿਆਂ ਤੂੰਬੀ ਅਤੇ ਡਫਲੀਆਂ ਦੀ ਮਿੱਠੀ ਧੁਨ ਨੇ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਬੂਰ ਪਾ ਦਿੱਤਾ।
  ਚੀਕਣੀ ਮਿੱਟੀ ਦੇ ਖਿਡਾਉਣੀਆਂ ਦੇ ਮੁਕਾਬਲੇ ‘ਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਮਨਜੀਤ ਕੌਰ  ਨੇ ਪਹਿਲਾ ਸਥਾਨ, ਪਬਲਿਕ ਕਾਲਜ ਸਮਾਣਾ ਦੀ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਥਾਪਰ ਕਾਲਜ ਦੇ  ਸੁਰਿਅਮ  ਅਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਗੁਰਮੁਖ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੇਲੇ ਵਿਚ ਜੱਜਮੈਂਟ ਦੀ ਭੂਮਿਕਾ ਡਾ. ਜਗਮੋਹਨ ਸ਼ਰਮਾ, ਉੱਘੇ ਲੋਕ ਗਾਇਕ ਉਜਾਗਰ ਸਿੰਘ ਅੰਟਾਲ, ਰਾਜਵੀਰ ਕੌਰ, ਗੁਰਸ਼ਰਨ ਸਿੰਘ ਬਰਾੜ ਅਤੇ ਸੁਭਾਸ਼ ਕੁਮਾਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਨਿਭਾਈ। ਸਭਿਆਚਾਰਕ ਗਤੀਵਿਧੀਆਂ ਲਈ ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਸ਼ਾਇਨਾ ਕਪੂਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਸਿੰਘ  ਪਲੇਸਮੈਂਟ ਅਫ਼ਸਰ ਸਿੱਪੀ ਸਿੰਗਲਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।

Advertisements

LEAVE A REPLY

Please enter your comment!
Please enter your name here