ਡਿਪਟੀ ਕਮਿਸ਼ਨਰ ਨੇ ਮੱਛੀ ਪਾਲਣ ਵਿਭਾਗ ਦੇ ਕੰਮ ਦਾ ਲਿਆ ਜਾਇਜ਼ਾ

ਪਟਿਆਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੱਛੀ ਪਾਲਣ ਵਿਭਾਗ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵਿਭਾਗ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਇਸ ਕਿੱਤੇ ਨੂੰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਕਾਫ਼ੀ ਮਦਦ ਮਿਲ ਸਕਦੀ ਹੈ ਤੇ ਇਸ ਸਬੰਧੀ ਹੋਰ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ।
ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਇੱਕ ਲਾਹੇਵੰਦ ਕਿੱਤਾ ਹੈ।ਕਿਸਾਨ ਸਹਿਜੇ ਹੀ ਇਸ ਕਿੱਤੇ ਤੋਂ ਢੇੜ ਤੋਂ ਦੋ ਲੱਖ ਰੁਪਏ ਪ੍ਰਤੀ ਏਕੜ ਆਮਦਨ ਪ੍ਰਾਪਤ ਕਰ ਸਕਦੇ ਹਨ। ਮੱਛੀ ਪਾਲਣ ਵਿਭਾਗ ਵੱਲੋਂ ਨਵੇਂ ਤਲਾਬਾਂ ਦੀ ਉਸਾਰੀ ਦੇ ਨਾਲ-ਨਾਲ ਮੱਛੀ ਦੀ ਢੋਆ-ਢੁਆਈ ਦੇ ਸਾਧਨਾਂ ‘ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) ਦੇ ਤਹਿਤ ਮੱਛੀ ਪਾਲਣ ਲਈ ਨਵੇਂ ਤਲਾਅ ਦੀ ਉਸਾਰੀ ਲਈ ਯੂਨਿਟ ਕਾਸਟ ਦਾ 40 ਫ਼ੀਸਦੀ ਜਨਰਲ ਵਰਗ ਲਈ ਅਤੇ 60 ਫ਼ੀਸਦੀ ਔਰਤਾਂ ਅਤੇ ਐਸ.ਸੀ./ਐਸ.ਟੀ ਜਾਂ ਸਹਿਕਾਰੀ ਸਭਾਵਾਂ ਦੇ ਲਾਭਪਾਤਰੀਆਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਸਕੀਮ ਅਧੀਨ ਮੱਛੀ ਦੀ ਢੋਆ-ਢੁਆਈ ਦੇ ਸਾਧਨ ਜਿਵੇਂ ਕਿ ਸਾਇਕਲ ਵਿਦ ਆਈਸਬਾਕਸ, ਮੋਟਰਸਾਇਕਲ ਵਿਦ ਆਈਸਬਾਕਸ ਅਤੇ ਆਟੋ ਰਿਕਸ਼ਾ ਵਿਦ ਆਈਸਬਾਕਸ, ਇਨਸੂਲੇਟਿਡ ਵਹੀਕਲ, ਰੈਫਰੀਜਰੇਟਿਡ ਵੈਨ ਆਦਿ ਤੇ ਵੀ 40 ਤੋ 60 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਤੋਂ ਇਲਾਵਾ ਰੰਗਦਾਰ ਮੱਛੀਆਂ ਲਈ ਬ੍ਰੀਡਿੰਗ ਯੂਨਿਟ ਲਗਾਉਣ, ਮੱਛੀ ਨਾਲ ਸਬੰਧਤ ਕੰਮਾਂ ਲਈ ਦੁਕਾਨ ਦੀ ਉਸਾਰੀ ਅਤੇ ਫਿਸ ਫੀਡ ਮਿੱਲ ਲਗਾਉਣ ਲਈ ਵੀ 40 ਤੋ 60 ਫ਼ੀਸੀਦ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਵਿਭਾਗ ਵੱਲੋਂ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਸਾਲ 2021-22 ਦੌਰਾਨ 28,55,249/-ਰੁਪਏ ਸਬਸਿਡੀ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਜ਼ਿਲ੍ਹਾ ਪਟਿਆਲਾ ਲਈ ਸਾਲ 2023-24 ਲਈ 293.50 ਲੱਖ ਅਤੇ 2024-25 ਲਈ 278.50 ਲੱਖ ਰੁਪਏ ਦੀ ਐਕਸ਼ਨ ਪਲਾਨ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਪ੍ਰਵਾਨਗੀ ਉਪਰੰਤ ਮੁੱਖ ਦਫ਼ਤਰ ਨੂੰ ਭੇਜੀ ਗਈ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਮੱਛੀ ਪਾਲਕਾਂ ਦੀ ਸਹੂਲਤਾਂ ਲਈ ਨਵੀਂ ਆਧੁਨਿਕ ਮੱਛੀ ਮੰਡੀ ਦੇਵੀਗੜ੍ਹ ਰੋਡ ਬਣ ਕੇ ਤਿਆਰ ਹੋ ਚੁੱਕੀ ਹੈ। ਮੁੱਖ ਕਾਰਜਕਾਰੀ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਮਹੀਨੇ ਮੁਫ਼ਤ 5 ਦਿਨਾਂ ਦੀ ਟਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੁਸਾਂਝ ਨਾਭਾ ਤੋਂ ਸਸਤੇ ਰੇਟਾਂ ਉਪਰ ਵਧੀਆ ਕਿਸਮ ਦਾ ਮੱਛੀ ਪੂੰਗ ਸਪਲਾਈ ਕੀਤਾ ਜਾਂਦਾ ਹੈ।

Advertisements

LEAVE A REPLY

Please enter your comment!
Please enter your name here