ਜ਼ਿਲ੍ਹਾ ਕਮੇਟੀ ਨੇ ਵਿਛੋੜਾ ਦੇ ਗਏ ਸਾਥੀ ਸੁਨੀਤ ਚੋਪੜਾ, ਮਦਨ ਘੋਸ਼, ਚਰਨਜੀਤ ਤੇ ਰਵੀ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਂਟ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ.(ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਵਿਛੋੜਾ ਦੇ ਗਏ ਸਾਥੀ ਸੁਨੀਤ ਚੋਪੜਾ, ਮਦਨ ਘੋਸ਼, ਚਰਨਜੀਤ ਸਿੰਘ ਚਠਿਆਲ ਤੇ ਰਵੀ ਸਿੰਘ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੰਚੇ ਸੀ.ਪੀ.ਆਈ.(ਐਮ) ਪੰਜਾਬ ਦੇ ਸਕੱਤਰ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਅੰਦਰ ਇਕ ਐਸੀ ਅਲੋਕਾਰੀ ਘਟਨਾ ਹੋਈ ਹੈ ਕਿ ਸਰਕਾਰੀ ਧਿਰ ਨੇ ਪਾਰਲੀਮੈਂਟ ਨੂੰ ਚੱਲਣ ਨਹੀ ਦਿੱਤਾ।ਵਿਰੋਧੀ ਧਿਰ ਹਿਡਨਵਰਗ ਦੀ ਰਿਪੋਰਟ ਦੇ ਆਧਾਰ ਤੇ ਅਡਾਨੀ ਵਲੋਂ ਨਕਲੀ ਕੰਪਨੀਆਂ ਬਣਾ ਕੇ ਇੱਕਠੇ ਕੀਤੇ ਗਏ ਅਰਬਾਂ ਰੁਪਏ ਦੇ ਆਧਾਰ ਤੇ ਪੂਰੀ ਜਾਂਚ ਲਈ ਪਾਰਲੀਮੈਂਟ ਦੀ ਸਾਂਝੀ ਕਮੇਟੀ (ਜੇ.ਸੀ.ਪੀ) ਬਣਾਈ ਜਾਵੇ ਦੀ ਮੰਗ ਕਰਨੀ ਸੀ।

Advertisements

ਸਰਕਾਰੀ ਧਿਰ ਨੇ ਪਾਰਲੀਮੈਂਟ ਅੰਦਰ ਰਾਹੁਲ ਗਾਂਧੀ ਦਾ ਵਿਦੇਸ਼ਾਂ ਵਿੱਚ ਦਿੱਤੇ ਗਏ ਬਿਆਨ ਨੂੰ ਆਧਾਰ ਬਣਾ ਕੇ ਪਾਰਲੀਮੈਂਟ ਦੇ ਸਾਰੇ ਏਜੰਡੇ ਨੂੰ ਸਾਬੋਤਾਜ ਕਰ ਦਿੱਤਾ। ਉਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਰਕਾਰ ਦੇ ਉਸ ਫੈਸਲੇ ਨੂੰ ਜਿਸ ਨਾਲ ਉਨਾਂ ਨੇ ਅਰੁਣ ਗੋਇਲ ਦਾ ਇਕ ਦਿਨ ਵਿੱਚ ਅਸਤੀਫਾ ਲੈ ਕੇ ਤੇ ਮਨਜ਼ੂਰੀ ਦੇ ਕੇ ਉਸ ਨੂੰ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤਾ, ਨੂੰ ਬਦਲਦਿਆਂ ਇਹ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦਾ ਚੀਫ ਜਸਟਿਸ, ਦੇਸ਼ ਦਾ ਪ੍ਰਧਾਨਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਦੇ ਆਧਾਰ ਤੇ ਕਮੇਟੀ ਰਾਹੀਂ ਚੋਣ ਕਮਿਸ਼ਨਰ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਉਨਾਂ ਨੇ ਦੁੱਖ ਪ੍ਰਗਟ ਕੀਤਾ ਕਿ ਗੁਜਰਾਤ ਹਾਈਕੋਰਟ ਵਲੋਂ ਗੋਦਰਾ ਕਾਂਡ ਦੇ ਦੋਸ਼ੀਆਂ ਨੂੰ ਬਰੀ ਕਰਨਾ ਮੰਦਭਾਗਾ ਹੈ।  

ਅੱਜ ਦੇਸ਼ ਅੰਦਰ ਖੱਬੇ ਪੱਖੀ, ਧਰਮ ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਫਿਰਕੂ, ਫਾਸ਼ੀਵਾਦੀ, ਕਾਰਪੋਰੇਟ ਗਠਜੋੜ ਦੀ ਪਾਰਟੀ ਬੀ.ਜੇ.ਪੀ. ਨੂੰ ਹਰਾਉਣਾ ਅਤਿ ਜ਼ਰੂਰੀ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਨ.ਆਈ.ਏ., ਸੀ.ਬੀ.ਆਈ. ਅਤੇ ਈ.ਡੀ.ਆਦਿ ਏਜੰਸੀਆ ਦੀ ਦੁਰਵਰਤੋਂ ਰਾਹੀਂ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭ੍ਰਿਸ਼ਟ ਲੋਕਾਂ ਨੂੰ ਡਰਾ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨਾਂ ਨੇ 23 ਮਾਰਚ 2023 ਨੂੰ ਹੁਸ਼ਿਆਰਪੁਰ ਵਿੱਚ ਕੀਤੀ ਗਈ ਕਾਮਯਾਬ ਰੈਲੀ ਸਬੰਧੀ ਹੁਸ਼ਿਆਰਪੁਰ ਦੇ ਸਾਥੀਆਂ ਵਲੋਂ ਕੀਤੀ ਮਿਹਨਤ ਅਤੇ ਪੰਜਾਬ ਭਰ ਵਿਚੋਂ ਆਏ ਸਾਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਜ਼ਿਲ੍ਹਾ ਕਮੇਟੀ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਕਾਮ:ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ 23 ਮਾਰਚ ਦੀ ਰੈਲੀ ਲਈ ਸਾਰੇ ਜ਼ਿਲ੍ਹੇ ਦੇ ਸਾਥੀਆਂ ਨੇ ਦਿਨ ਰਾਤ ਇਕ ਕਰਕੇ ਇਸ ਨੂੰ ਸਫਲ  ਬਣਾਇਆ ਹੈ। ਮੈਂਬਰਸ਼ਿਪ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਪਾਰਟੀ ਫੰਡ ਇਕੱਠਾ ਕਰਨ ਲਈ ਯੋਜਨਾਬੰਦੀ ਬਣਾਈ ਗਈ ਅਤੇ ਇਸ ਨੂੰ ਸਿਰੇ ਚਾੜਨ ਲਈ 3-ਮਈ ਹੁਸ਼ਿਆਰਪੁਰ, 7-ਮਈ ਨੂੰ ਗੜ੍ਹਸ਼ੰਕਰ ਤਹਿਸੀਲ, 8-ਮਈ ਦਸੂਹਾ ਅਤੇ 10-ਮਈ ਨੂੰ ਮੁਕੇਰੀਆਂ ਤਹਿਸੀਲ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਹਨ। ਇਸ ਮੀਟਿੰਗ ਵਿੱਚ ਸਰਵ ਸਾਥੀ ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ, ਸੁਭਾਸ਼ ਮੱਟੂ, ਆਸ਼ਾ ਰਾਣੀ, ਹਰਭਜਨ ਸਿੰਘ ਅਟਵਾਲ, ਪ੍ਰੇਮ ਲਤਾ, ਸੁਰਿੰਦਰ ਚੁੰਬਰ ਤੇ ਗੁਰਬਖਸ਼ ਸਿੰਘ ਸੂਸ ਆਦਿ ਸਾਥੀ ਹਾਜ਼ਰ ਸਨ।   

LEAVE A REPLY

Please enter your comment!
Please enter your name here