ਸਿਵਲ ਹਸਪਤਾਲ ਨਾਭਾ ਦੇ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਪੁੱਛਿਆ ਹਾਲਚਾਲ

ਪਟਿਆਲਾ (ਦ ਸਟੈਲਰ ਨਿਊਜ਼)। ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਤੇ ਗੁਣਵਤੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਵਲ ਹਸਪਤਾਲ ਨਾਭਾ ਅਤੇ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕਲਿਆਣ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।
  ਦੌਰੇ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਪਹਿਲਾ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕਲਿਆਣ ਦਾ ਨਿਰੀਖਣ ਕੀਤਾ ਅਤੇ ਕੇਂਦਰ ਵਿਚ ਤਾਇਨਾਤ ਸਟਾਫ਼ ਦੀ ਹਾਜ਼ਰੀ ਚੈਕ ਕੀਤੀ ਅਤੇ ਸਿਹਤ ਕੇਂਦਰ ਵਿੱਚ ਤਾਇਨਾਤ ਸਟਾਫ਼ ਨਾਲ ਰੂਬਰੂ ਹੋਕੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਦ ਉਹਨਾਂ ਪਿੰਡ ਦਦਹੇੜਾ ਵਿਖੇ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਟੀਕਾਕਰਨ ਲਈ ਮਨਾਏ ਜਾ ਰਹੇ ਮਮਤਾ ਦਿਵਸ ਦਾ ਨਿਰੀਖਣ ਕੀਤਾ। ਪਿੰਡ ਦਦਹੇੜਾ ਵਿਖੇ ਮਮਤਾ ਦਿਵਸ ਚੈਕ ਕਰਨ ਤੋਂ ਬਾਦ ਉਹਨਾਂ ਵੱਲੋਂ ਸਿਵਲ ਹਸਪਤਾਲ ਨਾਭਾ ਦਾ ਦੌਰਾ ਕੀਤਾ। ਜਿਥੇ ਕਿ ਉਹਨਾਂ ਵੱਲੋਂ ਸਟਾਫ਼ ਦੀ ਹਾਜ਼ਰੀ ਚੈਕ ਕੀਤੀ।

Advertisements

ਦੌਰੇ ਦੌਰਾਨ ਉਹਨਾਂ ਵੱਲੋਂ ਹਸਪਤਾਲ ਦੇ ਲ਼ੈਬਾਟਰੀ ,ਅਪਰੇਸ਼ਨ ਥੀਏਟਰ, ਲੇਬਰ ਰੂਮ, ਡਾਇਲੈਸਿਸ ਯੂਨਿਟ, ਬਲੱਡ ਬੈਂਕ, ਓਪਰੇਸ਼ਨ ਥੀਏਟਰ, ਸਰਜੀਕਲ ਵਾਰਡ, ਐਮਰਜੈਂਸੀ ਅਤੇ ਵੱਖ ਵੱਖ ਵਾਰਡਾਂ ਦਾ ਨਿਰੀਖਣ ਕਰਨ ਦੇ ਨਾਲ ਡਾਕਟਰਾਂ ਅਤੇ ਸਟਾਫ਼ ਦੇ ਕਮਰਿਆਂ ਵਿੱਚ ਜਾ ਕੇ ਉਹਨਾਂ ਨਾਲ ਰੂ ਬ ਰੂ ਹੋਏ ਅਤੇ ਉਹਨਾਂ ਦੇ ਕੰਮਾਂ ਦਾ ਜਾਇਜ਼ਾ ਲਿਆ।  ਸਿਵਲ ਸਰਜਨ ਵੱਲੋਂ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਵੀ ਜਾਣਕਾਰੀ ਲਈ। ਦਾਖਲ ਮਰੀਜ਼ਾਂ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਹਨਾਂ ਦੇ ਕੀਤੇ ਜਾ ਰਹੇ ਇਲਾਜ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।
  ਇਸ ਮੌਕੇ ਸਿਵਲ ਹਸਪਤਾਲ ਨਾਭਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਗੋਇਲ ਅਤੇ ਡਾ.ਪ੍ਰਦੀਪ ਚਾਵਲਾ ਵੀ ਉਹਨਾਂ ਨਾਲ ਸਨ। ਸਿਵਲ ਸਰਜਨ ਦੇ ਪੁੱਛਣ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਗੋਇਲ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆਂ ਕਿ ਹਸਪਤਾਲ ਦੀ ਰੋਜ਼ਾਨਾ ਦੀ ਓ.ਪੀ.ਡੀ 600 ਤੋਂ 700 ਦੇ ਕਰੀਬ ਅਤੇ ਰੋਜ਼ਾਨਾ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 25 ਦੇ ਕਰੀਬ ਹੈ। ਉਹਨਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਹਸਪਤਾਲ ਵਿਚ 37686 ਲ਼ੈਬ ਟੈਸਟ ਤੋਂ ਇਲਾਵਾ 76 ਮੇਜਰ ਅਤੇ 201 ਦੇ ਕਰੀਬ ਮਾਈਨਰ ਸਰਜਰੀਆਂ ਵੀ ਹੋਈਆ। ਹਸਪਤਾਲ ਦੇ ਡਾਇਲੈਸਿਸ ਯੂਨਿਟ ਵਿੱਚ ਸਥਾਪਤ ਦੋ ਮਸ਼ੀਨਾਂ ਰਾਹੀ ਹਰ ਰੋਜ਼ 3-4 ਮਰੀਜ਼ਾਂ ਦਾ ਡਾਇਲੈਸਿਸ ਮੁਫ਼ਤ ਕੀਤਾ ਜਾ ਰਿਹਾ ਹੈ।ਇਸ ਮੌਕੇ ਉਹਨਾਂ ਵੱਲੋਂ ਸਿਵਲ ਸਰਜਨ ਨੂੰ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ, ਸਟਾਫ਼ ਨਰਸ ਅਤੇ ਡਰਾਈਵਰ ਦੀ ਘਾਟ ਸਬੰਧੀ ਵੀ ਜਾਣੂ ਕਰਵਾਇਆ ਗਿਆ। ਜਿਸ ਨੂੰ ਸਿਵਲ ਸਰਜਨ ਵੱਲੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।
  ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਟਾਫ਼ ਨੂੰ ਹਾਈ ਰਿਸਕ ਗਰਭਵਤੀ ਮਾਵਾਂ ਦਾ ਖਾਸ ਧਿਆਨ ਰੱਖਣ, ਆਰ.ਸੀ.ਐਚ.ਦੇ ਕੰਮ ਨੂੰ ਵਧਾਉਣ, ਹਸਪਤਾਲ ਦੀ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ, ਸਿਹਤ ਕੇਂਦਰ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ, ਡਿਊਟੀ ਸਮੇਂ ਦੌਰਾਨ ਸਮੇਂ ਦੀ ਪਾਬੰਦੀ ਦਾ ਧਿਆਨ ਰੱਖਣ, ਸਿਹਤ ਸੰਸਥਾ ਵਿੱਚ ਜਣੇਪੇ ਦੀ ਗਿਣਤੀ ਵਧਾਉਣ, ਹਰ ਤਰਾਂ ਦੇ ਰਿਕਾਰਡ ਨੂੰ ਮੇਨਟੇਨ ਰੱਖਣ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ।

LEAVE A REPLY

Please enter your comment!
Please enter your name here