ਜਲੰਧਰ: ਜ਼ਿਲ੍ਹੇ ਵਿੱਚ 0 ਤੋਂ 5 ਸਾਲ ਦੇ 2.45 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪਲਸ ਪੋਲੀਓ ਬੂੰਦਾਂ

ਜਲੰਧਰ,(ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 0 ਤੋਂ 5 ਸਾਲ ਦੇ 2,45,872 ਬੱਚਿਆਂ ਨੂੰ 31 ਜਨਵਰੀ ਤੋਂ 2 ਫਰਵਰੀ 2021 ਤੱਕ ਸ਼ੁਰੂ ਕੀਤੀ ਜਾ ਰਹੀ ਵਿਸ਼ੇਸ਼ ਪਲਸ ਪੋਲੀਓ ਮੁਹਿੰਮ ਤਹਿਤ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

Advertisements

ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਅਧੀਨ ਹਰੇਕ ਬੱਚੇ ਨੂੰ ਕਵਰ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਧਕ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 1076 ਬੂਥ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪਿੰਡਾਂ ਵਿੱਚ 625 ਅਤੇ ਸ਼ਹਿਰੀ ਖੇਤਰਾਂ ਵਿੱਚ 451 ਬੂਥ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 2096 ਟੀਮਾਂ, ਜਿਨ੍ਹਾਂ ਵਿੱਚ ਸ਼ਹਿਰੀ ਖੇਤਰ ਲਈ 846 ਅਤੇ ਪੇਂਡੂ ਖੇਤਰਾਂ ਲਈ 1250 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣਗੀਆਂ।

ਥੋਰੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਮੁਹਿੰਮ ਲਈ 83 ਮੋਬਾਇਲ ਟੀਮਾਂ ਅਤੇ ਟੀਕਾਕਰਨ ਲਈ 23 ਟਰਾਂਸਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਦਕਿ 209 ਸੁਪਰਵਾਈਜ਼ੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ 5, 43,788 ਘਰਾਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

ਥੋਰੀ ਨੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨੂੰ ਆਂਗਣਵਾੜੀ ਵਰਕਰਾਂ ਰਾਹੀਂ ਬੱਚਿਆਂ ਦੇ ਮਾਪਿਆਂ ਨਾਲ ਪੋਲੀਓ ਮੁਹਿੰਮਾਂ ਸਬੰਧੀ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਹਰੇਕ ਬੱਚੇ ਨੂੰ ਬੂੰਦਾਂ ਪਿਲਾਉਣਾ ਯਕੀਨੀ ਬਣਾਉਣ ਦੀਆਂ ਹਦਾਇਤ ਕੀਤੀਆਂ।

ਉਨ੍ਹਾਂ ਕੋਵਿਡ ਟੀਕਾਕਰਨ ਪ੍ਰੋਗਰਾਮ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਹੁਣ ਤੱਕ 6191 ਵਰਕਰਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਉਨ੍ਹਾਂ ਸਿਹਤ ਵਿਭਾਗ ਨੂੰ ਇਸ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਐਸਡੀਐਮ ਰਾਹੁਲ ਸਿੰਧੂ, ਗੌਤਮ ਜੈਨ, ਵਿਨੀਤ ਕੁਮਾਰ, ਸੰਜੀਵ ਕੁਮਾਰ ਸ਼ਰਮਾ, ਡਾ. ਜੈ ਇੰਦਰ ਸਿੰਘ, ਸਿਵਲ ਸਰਜਨ ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here