ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਵਿਰੁੱਧ ਇੰਨਸਾਫ ਦੀ ਮੰਗ ਨੂੰ ਲੈ ਕੇ ਰੋਪੜ ਵਿਕਾਸ ਮੰਚ ਵੱਲੋਂ ਕੀਤਾ ਕੈਂਡਲ ਮਾਰਚ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ । ਦੇਸ਼ ਦੀਆਂ ਕੌਮਾਂਤਰੀ ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਵਿਰੁੱਧ ਇੰਨਸਾਫ ਦੀ ਮੰਗ ਨੂੰ ਲੈ ਕੇ ਦੇਸ਼ ਦੇ ਕੌਮੀ ਅਤੇ ਕੌਮਾਂਤਰੀ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਸਮਰਥਨ ਵਿੱਚ, ਰੋਪੜ ਵਿਕਾਸ ਮੰਚ ਵੱਲੋਂ ਬੀ.ਐੱਸ.ਸੈਣੀ ਦੀ ਅਗਵਾਈ ਵਿੱਚ ਰੋਪੜ ਸ਼ਹਿਰ ਵਿਖੇ ਮਿਤੀ 30.05.2023 ਦਿਨ ਮੰਗਲਵਾਰ ਨੂੰ ਕੈਂਡਲ ਮਾਰਚ ਕੀਤਾ ਗਿਆ । ਪ੍ਰੈੱਸ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਪਿਆਰੇ ਲਾਲ ਪਰਮਾਰ ਸਹਾਇਕ ਵਿੱਤ ਸਕੱਤਰ ਨੇ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 7.30 ਵਜੇ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਕਰਕੇ ਕਲਿਆਣ ਸਿਨੇਮਾ ਦੇ ਸਾਹਮਣੇ ਤੋਂ ਮੇਨ ਬਜ਼ਾਰ ਵਿੱਚੋਂ ਹੁੰਦਾ ਹੋਇਆ ਸ਼ਾਮ 8.00 ਵਜੇ ਦੇ ਕਰੀਬ ਸਿਟੀ ਪੁਲਿਸ ਸਟੇਸ਼ਨ ਵਿਖੇ ਸਮਾਪਤ ਕੀਤਾ ਗਿਆ।

Advertisements

ਕੈਂਡਲ ਮਾਰਚ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਮ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਕੌਮਾਂਤਰੀ ਪੱਧਰ ਤੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨ ਖ਼ੁਦ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਸਰਕਾਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ । ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਵਿਰੁੱਧ ਇੰਨਸਾਫ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਕਾਫ਼ੀ ਲੰਬੇ ਸਮੇਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਪਰੰਤੂ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਪਹਿਲਵਾਨ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਵਿੱਚ ਦਿਨ-ਬ-ਦਿਨ ਰੋਸ ਪੈਦਾ ਹੁੰਦਾ ਜਾ ਰਿਹਾ ਹੈ । ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਬੇਟੀ ਬਚਾਓ – ਬੇਟੀ ਪੜਾਓ ਦਾ ਨਾਅਰਾ ਵੀ ਤਾਂ ਹੀ ਸਾਕਾਰ ਹੋ ਸਕੇਗਾ ਜੇ ਦੇਸ਼ ਦੀਆਂ ਬੇਟੀਆਂ ਦੀ ਇੱਜ਼ਤ ਸੁਰੱਖਿਅਤ ਹੋਵੇਗੀ ਅਤੇ ਉਨ੍ਹਾਂ ਦਾ ਮਾਨ ਸਨਮਾਨ ਅਤੇ ਆਤਮ ਸਨਮਾਨ ਬਰਕਰਾਰ ਰਹਿ ਸਕੇਗਾ।

ਮਹਿਲਾ ਖਿਡਾਰੀ ਖੁੱਦ ਅਤੇ ਉਨ੍ਹਾਂ ਦੇ ਮਾਪੇ ਆਪਣੀਆਂ ਬੱਚੀਆਂ ਦੇ ਭਵਿੱਖ ਸਬੰਧੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਭਵਿੱਖ ਵਿੱਚ ਖੇਡਾਂ ਪ੍ਰਤੀ ਰੁਚੀ ਦਿਖਾਉਣ ਤੋਂ ਕੰਨੀ ਕਤਰਾਉਣਗੇ ਜੋ ਕਿ ਅੱਛਾ ਰੁਝਾਨ ਨਹੀਂ ਹੋਵੇਗਾ । ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਦੇਸ਼ ਦਾ, ਚਮਕਣ ਲਈ ਉੱਭਰਦਾ ਹੁਨਰ ਅੰਦਰ ਹੀ ਅੰਦਰ ਦੱਬ ਕੇ ਰਹਿ ਜਾਵੇਗਾ ਅਤੇ ਖੇਡਾਂ ਦੇ ਖੇਤਰ ਵਿੱਚ ਇਹ ਦੇਸ਼ ਹਿਤ ਵਿੱਚ ਨਹੀਂ ਹੋਵੇਗਾ । ਇਸ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕਰਕੇ ਪੀੜਤ ਪਹਿਲਵਾਨਾਂ ਨੂੰ ਇੰਨਸਾਫ ਦਿੱਤਾ ਜਾਵੇ ਤਾਂ ਜੋ ਉਹ ਇੱਜ਼ਤ ਮਾਣ ਅਤੇ ਬੁਲੰਦ ਹੌਸਲੇ ਨਾਲ ਦੇਸ਼ ਲਈ ਖੁੱਲ ਦਿਲੀ ਨਾਲ ਖੇਲ੍ਹ ਕੇ ਹੋਰ ਸ਼ਾਨਦਾਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾ ਸਕਣ ਜੀ ।

ਮੰਗ ਪੱਤਰ ਅਵਤਾਰ ਸਿੰਘ ਲੋਦੀਮਾਜਰਾ ਪ੍ਰਧਾਨ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਰੂਪਨਗਰ, ਗੁਰਮੇਲ ਸਿੰਘ ਜਨਰਲ ਸਕੱਤਰ ਪਾਵਰ ਕਾਮ/ਟਰਾਂਸਕੋ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ, ਬਲਦੇਵ ਸਿੰਘ ਭਾਓਵਾਲ ਸਰਪ੍ਰਸਤ ਪੈਨਸ਼ਨਰਜ਼ ਮਹਾਂ ਸੰਘ ਨੂਰਪੁਰ ਬੇਦੀ ਯੂਨਿਟ ਜ਼ਿਲ੍ਹਾ ਰੂਪਨਗਰ, ਅਜਮੇਰ ਸਿੰਘ ਸਰਪੰਚ ਗਰਾਮ ਪੰਚਾਇਤ ਲੋਦੀਮਾਜਰਾ, ਸਰਬਜੀਤ ਸਿੰਘ ਐੱਮ.ਸੀ ਅਤੇ ਚਰਨਜੀਤ ਸਿੰਘ ਐੱਮ.ਸੀ. ਨਗਰ ਕੌਂਸਲ ਰੂਪਨਗਰ, ਹਰਜਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਜ਼ਿਲ੍ਹਾ ਰੂਪਨਗਰ, ਚਰਨਜੀਤ ਸਿੰਘ ਬਲਾਕ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਰੂਪਨਗਰ, ਨਵੀਨ ਦਰਦੀ ਪ੍ਰਧਾਨ ਸ਼ਹੀਦ -ਏ-ਆਜ਼ਮ- ਭਗਤ ਸਿੰਘ ਦੇਸ਼ ਸੇਵਾ ਕਲੱਬ, ਰੂਪਨਗਰ, ਅਵਨੀਸ਼ ਕੁਮਾਰ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਰੂਪਨਗਰ, ਜਗਤਾਰ ਸਿੰਘ ਲੋਦੀਮਾਜਰਾ ਅਤੇ ਬੀ.ਐੱਸ.ਸੈਣੀ ਦੇ ਦਸਖ਼ਤਾਂ ਹੇਠ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਜਗਦੀਸ਼ ਲਾਲ ਵਿੱਤ ਸਕੱਤਰ, ਭਾਗ ਸਿੰਘ ਮਦਾਨ, ਮਾਸਟਰ ਅਮਰੀਕ ਸਿੰਘ, ਵਿਜੇ ਲਕਸ਼ਮੀ, ਸਾਜਦਾ ਪ੍ਰਵੀਨ, ਈਸ਼ਾ, ਚਰਨਜੀਤ ਸਿੰਘ ਖੇੜੀ ਸਲਾਬਤਪੁਰਾ, ਦਿਲਬਾਗ ਸਿੰਘ ਪ੍ਰਧਾਨ ਗਰੀਨ ਐਵਿਨਿਊ ਰੈਜ਼ੀਡੈਂਟ ਵੈੱਲਫੇਅਰ ਕਮੇਟੀ ਰੋਪੜ, ਗੁਰਮੁਖ ਸਿੰਘ, ਅਵਿਨਾਸ਼ ਕੁਮਾਰ, ਜੇ.ਪੀ. ਸਿੰਘ, ਅਜੇ ਕੁਮਾਰ, ਬਲਵਿੰਦਰ ਸਿੰਘ ਸੋਨੂੰ, ਮਨਜੀਤ ਸਿੰਘ ਸਿੰਘਪੁਰਾ, ਮਦਨ ਸਿੰਘ ਰਸੂਲ ਪੁਰ ਪਿਆਰੇ ਲਾਲ ਪਰਮਾਰ, ਸੁਦਾਗਰ ਸਿੰਘ ਉੱਪਲ, ਬੈਜ ਨਾਥ ਸ਼ਰਮਾ, ਕਰਨੈਲ ਸਿੰਘ ਭੁੱਕੂ ਮਾਜਰਾ, ਪਵਨ ਕੁਮਾਰ ਆਦਰਸ਼ ਨਗਰ, ਰਾਮ ਲਾਲ ਰਾਏ ਸ਼ਾਮਪੁਰਾ ਅਤੇ ਬਲਬੀਰ ਸਿੰਘ ਪ੍ਰਮਾਰ, ਤੋਂ ਇਲਾਵਾ ਰੋਪੜ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਸਨ । ਮੰਗ ਪੱਤਰ ਲੈਣ ਲਈ ਤੈਨਾਤ‌ ਸਬੰਧਿਤ ਅਧਿਕਾਰੀ ਇੰਜ: ਗਗਨਦੀਪ ਐੱਸ.ਡੀ.ਓ ਹੈੱਡ ਵਰਕਸ ਦੀ ਗੈਰ ਸੰਜੀਦਗੀ ਦੀ ਰੋਪੜ ਵਿਕਾਸ ਮੰਚ ਵੱਲੋਂ ਨਿਖੇਧੀ ਕੀਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਟੀ ਪੁਲਿਸ ਸਟੇਸ਼ਨ ਵਿਖੇ ਮੰਗ ਪੱਤਰ ਲੈਣ ਲਈ ਉਨ੍ਹਾਂ ਦੀ ਤੈਨਾਤੀ‌ ਕੀਤੀ ਗਈ ਸੀ ਪਰੰਤੂ ਉਹ ਨਹੀਂ ਪਹੁੰਚੇ ਜਿਸ ਕਰਕੇ ਕਰਕੇ ਐੱਸ.ਐੱਚ.ਓ ਸਿਟੀ ਰਾਹੀਂ ਮੰਗ ਪੱਤਰ ਭੇਜਿਆ ਗਿਆ ।

LEAVE A REPLY

Please enter your comment!
Please enter your name here