ਕੀਰਤਨ ’ਚ ਮਾਰਕੁੱਟ ਕਰਨ ਦੇ ਦੋਸ਼ ਹੇਠ ਵਿਸ਼ਾਲ ਬਾਬੇ ਸਮੇਤ 10 ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ/ਤਲਵਾਡ਼ਾ (ਦ ਸਟੈਲਰ ਨਿਊਜ਼)। ਸਥਾਨਕ ਪੁਲੀਸ ਨੇ ਧਾਰਮਿਕ ਸਮਾਗਮ ਦੌਰਾਨ ਮਾਰਕੁੱਟ ਕਰਨ ਦੇ ਦੋਸ਼ ਹੇਠਾਂ ਬਾਬੇ ਸਮੇਤ 10 ਵਿਅਕਤੀਆਂ ਖ਼ਿਲਾਫ਼ ਤਹਿਤ ਮਾਮਲਾ ਦਰਜ ਕੀਤਾ ਹੈ। ਤਲਵਾਡ਼ਾ ਪੁਲੀਸ ਨੇ ਇਹ ਮਾਮਲਾ ਪੰਕਜ ਕੁਮਾਰ (23) ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਬੇਡ਼ਿੰਗ ਦੇ ਬਿਆਨਾਂ ’ਤੇ ਦਰਜ ਕੀਤਾ ਹੈ। ਪੰਕਜ ਕੁਮਾਰ ਨੇ ਦੱਸਿਆ ਕਿ ਲੰਘੇ ਵੀਰਵਾਰ ਉਨ੍ਹਾਂ ਦੇ ਪਿੰਡ ਵਿਚ ਹੀ ਰਿਸ਼ਤੇ ’ਚ ਲੱਗਦੇ ਦਾਦਾ ਲੇਖਰਾਜ ਦੇ ਘਰ ਵਿਸ਼ਾਲ ਬਾਬੇ ਦਾ ਕੀਰਤਨ ਸੀ। ਮੇਰੀ ਦਾਦੀ ਕਮਲੇਸ਼ ਕੁਮਾਰੀ ਜਦੋਂ ਲੇਖਰਾਜ ਦੇ ਘਰ ਕੀਰਤਨ ’ਚ ਮੱਥਾ ਟੇਕਣ ਗਈ, ਤਾਂ ਉੱਥੇ ਮੌਜ਼ੂਦ ਬਾਬੇ ਦੇ ਸਮਰਥਕ ਕੁਲਵਿੰਦਰ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਪਿੰਡ ਪਲੀਹਰ ਪੱਤੀ ਨੇ ਕੀਰਤਨ ’ਚ ਦਾਦੀ ਨੂੰ ਮੱਥਾ ਟੇਕਣ ਤੋਂ ਰੋਕ ਦਿੱਤਾ, ਦਾਦੀ ਕਮਲੇਸ਼ ਕੁਮਾਰੀ ਨੇ ਘਰ ਆ ਕੇ ਸਾਰੀ ਗੱਲ ਉਸਨੂੰ ਦੱਸੀ।

Advertisements

ਜਦੋਂ ਉਹ ਇਹ ਗੱਲ ਪੁਛਣ ਕੁਲਵਿੰਦਰ ਸਿੰਘ ਕੋਲ਼ ਗਿਆ ਤਾਂ ਉੱਥੇ ਮੌਜ਼ੂਦ ਬਾਬੇ ਦੇ ਸਮਰਥਕ ਉਸਨੂੰ ਜ਼ਬਰਦਸਤੀ ਚੁੱਕ ਕੇ ਅੰਦਰ ਲੈ ਗਏ। ਅੰਦਰ ਬਾਬੇ ਨਾਲ ਮੌਜ਼ੂਦ ਵਿਵੇਕ ਕੁਮਾਰ ਉਰਫ਼ ਵਿੱਕੀ, ਸ਼ੁਭਮ, ਜੀਤ ਰਾਮ, ਲੇਖਰਾਜ, ਗੋਪਾਲ ਕ੍ਰਿਸ਼ਨ ਆਦਿ ਸਮਰਥਕਾਂ ਨੇ ਘੇਰ ਲਿਆ, ਵਿਸ਼ਾਲ ਬਾਬੇ ਨੇ ਉਸਨੂੰ ਚਿਮਟਿਆਂ ਨਾਲ ਮਾਰਿਆ, ਉਪਰੰਤ ਉਕਤ ਬਾਬੇ ਦੇ ਸਮਰਥਕਾਂ ਨੇ ਬੇਰਹਿਮੀ ਨਾਲ ਉਸਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰੀ ਮਾਤਾ ਨੀਲਮ ਕੁਮਾਰੀ ਅਤੇ ਦੋਸਤ ਅਕਾਸ਼ਦੀਪ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਮੌਜ਼ੂਦ ਬਾਬੇ ਦੀਆਂ ਸਮਰਥਕਾਂ ਮੋਨਿਕਾ ਪੁੱਤਰੀ ਜੋਗਿੰਦਰ ਸਿੰਘ ਅਤੇ ਤਿੰਨ ਹੋਰ ਔਰਤਾਂ ਨੇ ਮਾਤਾ ਨਾਲ ਵੀ ਮਾਰਕੁੱਟ ਕੀਤੀ ਤੇ ਭੈਡ਼ੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਰੌਲ਼ਾ ਸੁਣ ਕੇ ਪਿੰਡ ਦੇ ਲੋਕ ਇਕੱਤਰ ਹੋਏ ਅਤੇ ਮੈਨੂੰ ਬੇਹੋਸ਼ੀ ਦੀ ਹਾਲਤ ’ਚ ਬੀਬੀਐਮਬੀ ਹਸਪਤਾਲ ਤਲਵਾਡ਼ਾ ਪਹੁੰਚਾਇਆ।

ਸਥਾਨਕ ਪੁਲੀਸ ਨੇ ਲੋਕ ਰੋਹ ਦੇ ਚੱਲਦਿਆਂ ਕਰੀਬ ਤਿੰਨ ਦਿਨਾਂ ਬਾਅਦ 18 ਤਾਰੀਕ ਨੂੰ ਬਾਬੇ ਵਿਸ਼ਾਲ ਸਮੇਤ 7 ਉਕਤ ਪਛਾਤੇ ਅਤੇ ਤਿੰਨ ਅਣਪਛਾਤੀਆਂ ਸਮਰਥਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪਿੰਡ ਬੇਡ਼ਿੰਗ ਦੇ ਸਰਪੰਚ ਨਵਲ ਕਿਸ਼ੋਰ ਮਹਿਤਾ ਅਤੇ ਬਲਾਕ ਸਮੰਤੀ ਮੈਂਬਰ ਪ੍ਰੀਤਮ ਸਿੰਘ ‘ਪ੍ਰੀਤ’ ਨੇ ਦੱਸਿਆ ਕਿ ਬੀਤੀ 15 ਤਾਰੀਕ ਨੂੰ ਵਕਤ ਕਰੀਬ ਚਾਰ ਵਜੇ ਉਨ੍ਹਾਂ ਨੂੰ ਘਟਨਾਂ ਦੀ ਜਾਣਕਾਰੀ ਮਿਲੀ ਸੀ, ਕੁੱਟਮਾਰ ਉਪਰੰਤ ਪਿੰਡ ’ਚ ਮਾਹੌਲ਼ ਤਣਾਅਪੂਰਨ ਸੀ, ਲੇਖਰਾਜ ਦੇ ਘਰ ਹਜ਼ੂਮ ਇੱਕਠਾ ਹੋਣ ਕਰਕੇ ਪੰਚਾਇਤ ਨੇ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਪੁਲੀਸ ਨੂੰ ਮੌਕੇ ’ਤੇ ਬੁਲਾਇਆ। ਪਰ ਬਾਬਾ ਅਤੇ ਉਸਦੇ ਸਮਰਥਕ ਪੁਲੀਸ ਦੇ ਕਹਿਣ ’ਤੇ ਵੀ ਬਾਹਰ ਨਹੀਂ ਆਏ। ਰਾਤ ਕਰੀਬ ਸਮਰਥਕਾਂ ਨੇ ਬਾਬੇ ਔਰਤਾਂ ਦੇ ਕੱਪਡ਼ੇ ਪੁਆ ਕੇ ਬਾਹਰ ਕੱਢਿਆ ਅਤੇ ਪਿੰਡ ਨੇ ਰਾਹਤ ਮਹਿਸੂਸ ਕੀਤੀ। ਪੰਚਾਇਤ ਯੂਨੀਅਨ ਤਲਵਾਡ਼ਾ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਵਾਦਤ ਬਾਬੇ ਦੀਆਂ ਖ਼ੇਤਰ ’ਚ ਕਥਿਤ ਗ਼ਤੀਵਿਧੀਆਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਕੀ ਹੈ ਬਾਬੇ ਵਿਸ਼ਾਲ ਦਾ ਪਿਛੋਕਡ਼ ?

ਤਥਾਕਥਿਤ ਬਾਬਾ ਵਿਸ਼ਾਲ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਵਿਡਿਓਜ਼ ’ਚ ਆਪਣੇ ਆਪ ਨੂੰ ਬਾਬਾ ਬਾਲਕ ਨਾਥ ਦਾ ਛੇਵਾਂ ਅਵਤਾਰ ਦੱਸਦਾ ਹੈ, ਜੋ ਕਿ ਲਿਦਕੋਟ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦਾ ਜੰਮਪਲ ਹੈ। ਕਰੋਨਾ ਤੋਂ ਬਾਅਦ ਵਿਸ਼ਾਲ ਬਾਬੇ ਨੇ ਬਲਾਕ ਤਲਵਾਡ਼ਾ ਦੇ ਨੀਮ ਪਹਾਡ਼ੀ ਪਿੰਡਾਂ ’ਚ ਕਈ ਸ਼ਰਧਾਲੂ ਬਣਾਏ ਹਨ। ਉਹ ਆਪਣੇ ਸ਼ਰਧਾਲੂਆਂ ਦੇ ਘਰਾਂ ’ਚ ਕੀਰਤਨ ਕਰਦਾ ਹੈ, ਕੀਰਤਨਾਂ ’ਚ ਸ਼ਾਮਲ ਹੋਣ ਲਈ ਪਹਿਲਾਂ ਵਿਅਕਤੀ ਨੂੰ ਲਿਦਕੋਟ ਜਾਣਾ ਲਾਜ਼ਮੀ ਹੈ। ਲਿਦਕੋਟ ਨਾ ਗਏ ਵਿਅਕਤੀ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਕੀਰਤਨਾਂ ’ਚ ਸ਼ਰਧਾਲੂਆਂ ਨਾਲ ਕੁੱਟਮਾਰ ਕਰਨੀ ਆਮ ਗੱਲ ਹੋ ਗਈ ਹੈ, ਇਸ ਤੋਂ ਪਹਿਲਾਂ ਵੀ ਕੀਰਤਨਾਂ ’ਚ ਕੁੱਟਮਾਰ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

LEAVE A REPLY

Please enter your comment!
Please enter your name here