ਡਿਪਟੀ ਕਮਿਸ਼ਨਰ ਵੱਲੋਂ ਨਦੀਆਂ ‘ਚ ਪਏ ਪਾੜ ਪੂਰਨ ਦੇ ਕੰਮ ‘ਚ ਹੋਰ ਤੇਜ਼ ਲਿਆਉਣ ਦੀ ਹਦਾਇਤ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹਾਂ ਦੌਰਾਨ ਜ਼ਿਲ੍ਹੇ ਦੀਆਂ ਨਦੀਆਂ ਵਿੱਚ ਪਏ ਪਾੜ ਨੂੰ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾੜ ਪੂਰਨ ਦੇ ਕੰਮ ਵਿੱਚ ਹੋਰ ਤੇਜ਼ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੱਲ ਰਹੇ ਕੰਮ ਦੀ ਖੁਦ ਨਿਗਰਾਨੀ ਕਰ ਰਹੇ ਹਨ ਤੇ ਰੋਜਾਨਾ ਹੋਏ ਕੰਮ ਦੀ ਰਿਪੋਰਟ ਲੈ ਰਹੇ ਹਨ। ਮੀਟਿੰਗ ਵਿੱਚ ਏ.ਡੀ.ਸੀ. (ਜ) ਜਗਜੀਤ ਸਿੰਘ, ਐਸ.ਡੀ.ਐਮਜ਼, ਜਲ ਨਿਕਾਸ, ਲੋਕ ਨਿਰਮਾਣ, ਨੈਸ਼ਨਲ ਹਾਈਵੇਅ, ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਸਾਕਸ਼ੀ ਸਾਹਨੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕਿਹਾ ਕਿ ਨਦੀਆਂ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦੀ ਗੂਗਲ ਸ਼ੀਟ ‘ਤੇ ਰੋਜਾਨਾ ਰਿਪੋਰਟ ਅਪਡੇਟ ਕੀਤੀ ਜਾਵੇ ਤਾਂ ਜੋ ਕੰਮ ਦੀ ਰਫ਼ਤਾਰ ਸਬੰਧੀ ਪਤਾ ਲੱਗ ਸਕੇ।

Advertisements

ਉਨ੍ਹਾਂ ਕਿਹਾ ਕਿ ਨੁਕਸਾਨੀਆਂ ਸੜਕਾਂ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਚੱਲ ਰਹੇ ਸਾਰੇ ਕੰਮਾਂ ਦੀ ਖੁਦ ਨਿਗਰਾਨੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਫੀਲਡ ਵਿੱਚ ਖੁਦ ਜਾਣ ਅਤੇ ਸਾਰੇ ਕੰਮ ਦਾ ਮਾਈਕਰੋ ਪਲਾਨ ਬਣਾਉਣ ਤੇ ਹਰੇਕ ਬਰੀਕੀ ‘ਤੇ ਖੁਦ ਧਿਆਨ ਦੇਣ ਅਤੇ ਜੇਕਰ ਲੇਬਰ ਹੋਰ ਵਧਾਉਣ ਦੀ ਜ਼ਰੂਰਤ ਹੈ ਤਾਂ ਕੰਮ ਵਿੱਚ ਤੇਜ਼ੀ ਲਿਆਉਣ ਲਈ ਲੇਬਰ ਵਿੱਚ ਹੋਰ ਵਾਧਾ ਕੀਤਾ ਜਾਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਝੋਨੇ ਦੀ ਹੋਰ ਪਨੀਰੀ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਵਿਭਾਗ ਸਰਕਾਰੀ ਜਮੀਨਾਂ ‘ਤੇ ਪਨੀਰੀ ਲਗਾਵੇ ਤਾਂ ਜੋ ਕਿਸਾਨਾਂ ਨੂੰ ਪਨੀਰੀ ਦੀ ਉਪਲਬਧਤਾ ਆਸਾਨੀ ਨਾਲ ਹੋ ਸਕੇ।

ਇਸ ਮੌਕੇ ਖੇਤੀਬਾੜੀ ਅਫ਼ਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜੋ ਪਨੀਰੀ ਲਗਾਈ ਗਈ ਹੈ ਉਹ ਆਉਂਦੇ ਕੁਝ ਦਿਨਾਂ ਵਿੱਚ ਤਿਆਰ ਹੋ ਜਾਵੇਗੀ ਅਤੇ ਇਹ ਸਮਾਂ 1509 ਦੀ ਪਨੀਰੀ ਲਗਾਉਣ ਲਈ ਢੁਕਵਾਂ ਹੈ ਤੇ ਵਿਭਾਗ ਵੱਲੋਂ 1509 ਦੀ ਪਨੀਰੀ ਲਗਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਬਲਾਕ ਪੱਧਰ ‘ਤੇ ਪਈਆਂ ਸਰਕਾਰੀ ਜਮੀਨਾਂ ‘ਤੇ ਪਨੀਰੀ ਲਗਾਉਣ ਲਈ ਪੰਚਾਇਤ ਵਿਭਾਗ ਨੂੰ ਜਮੀਨਾਂ ਦੀ ਸਨਾਖਤ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਏ.ਡੀ.ਸੀ. (ਜ) ਜਗਜੀਤ ਸਿੰਘ, ਸਮੂਹ ਐਸ.ਡੀ.ਐਮਜ਼, ਡੀ.ਆਰ.ਓ. ਨਵਦੀਪ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਡਰੇਨੇਜ ਦੇ ਕਾਰਜਕਾਰੀ ਇੰਜੀਨੀਅਰ ਰਮਨ ਬੈਂਸ ਸਮੇਤ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ, ਪੇਂਡੂ ਵਿਕਾਸ ਤੇ ਪੰਚਾਇਤ, ਮੰਡੀ ਬੋਰਡ, ਮਾਲ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here