ਸਿਹਤ ਮੰਤਰੀ ਦੀ ਵਾਅਦਾ ਖਿਲਾਫ਼ੀ ਤੋਂ ਭੜਕੇ 108 ਐਂਬੂਲੈਂਸ ਕਰਮਚਾਰੀ, ਹੂਟਰ ਮੁੜ ਹੋ ਸਕਦਾ ਹੈ ਖਾਮੋਸ਼

ਚੰਡੀਗੜ੍ਹ (ਦ ਸਟੈਲਰ ਨਿਊਜ਼)। ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਦੇ 7 ਮਹੀਨੇ ਬਾਅਦ ਵੀ ਵਧੀ ਤਨਖਾਹ ਨਾ ਮਿਲਣ ਕਾਰਨ 108 ਐਂਬੂਲੈਂਸ ਸਟਾਫ਼ ਮੁੜ ਤੋਂ ਹੜਤਾਲ ਤੇ ਜਾਣ ਦੀ ਤਿਆਰੀ ਵਿੱਚ ਹਨ। ਜ਼ਿਕਰਯੋਗ ਹੈ ਕਿ ਤਨਖਾਹ ਵਧਾਉਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਐਂਬੂਲੈਂਸ ਕਰਮਚਾਰੀਆਂ ਨੇ ਜਨਵਰੀ ਮਹੀਨੇ ਦੌਰਾਨ ਲਾਡੋਵਾਲ ਟੋਲ ਪਲਾਜਾ ਤੇ ਧਰਨਾ ਲਗਾਇਆ ਸੀ। ਜਿਸ ਤੋਂ ਬਾਅਦ ਸਿਹਤ ਮੰਤਰੀ ਨੇ ਕਰਮਚਾਰੀਆਂ ਦੀ ਮੰਗਾਂ ਮੰਨਣ ਅਤੇ ਤਨਖਾਹ ਵਿੱਚ 5000 ਰੁਪਏ ਵਾਧੇ ਸਮੇਤ ਕੰਪਨੀ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰ ਅਤੇ ਕੰਪਨੀ ਵਲੋਂ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਹਾਇਤ ਹੁਣ ਤੱਕ ਨਹੀਂ ਦਿੱਤੀ ਗਈ। ਇਨ੍ਹਾਂ ਹੀ ਨਹੀਂ ਮੁੱਖਮੰਤਰੀ ਭਗੰਵਤ ਮਾਨ ਜੀ ਦੇ ਕਹਿਣ ਦੇ ਬਾਵਜੂਦ ਵੀ ਕੰਪਨੀ ਨੇ ਮੁਲਾਜਮਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਸ਼ਟਰੀ ਭਗਵਾਂ ਸੈਨਾ ਦੇ ਕੌਮੀ ਪ੍ਰਧਾਨ ਪੰਕਜ਼ ਦਵੇਸਰ, ਚੇਅਰਮੈਨ ਸੰਤੋਖ ਗਿੱਲ, ਰਵੀ ਕੁਮਾਰ, ਬਾਲਮੀਕ ਸਮਾਜ ਦੇ ਗੁਰੂ ਬਾਬਾ ਨਛੱਤਰ ਨਾਥ ਨੇ 108 ਐਂਬੂਲੈਂਸ ਸਟਾਫ਼ ਨੂੰ ਇੰਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਦਾ ਵਾਅਦਾ ਕੀਤਾ।

Advertisements

108 ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਮੀਤ ਪ੍ਰਧਾਨ ਜੋਗਾ ਸਿੰਘ ਨੇ ਇੱਥੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਆਪਣੇ ਅਧੀਨ ਲਵੇ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੰਕਰੀਮੈਂਟ 2013 ਤੋਂ ਰੁਕਿਆ ਪਿਆ ਹੈ, ਜਿਸ ਦੀ ਅਦਾਇਗੀ ਕਰਨ ਵਿੱਚ ਵੀ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਕੰਪਨੀ ਦਾ ਅੜਬ ਵਤੀਰਾ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਸਮੇਂ ਫੈਸਲਾ ਕੀਤਾ ਗਿਆ ਸੀ ਕਿ 108 ਕਰਮਚਾਰੀਆਂ ਦੀ ਬਦਲੀ ਦੂਰ ਦੁਰਾਡੇ ਨਹੀਂ ਕੀਤੀ ਜਾਵੇਗੀ ਪਰ ਹੁਣ 200 ਤੋਂ 300 ਕਿਲੋਮੀਟਰ ਦੂਰੀ ਤੱਕ ਸਟਾਫ਼ ਦੀ ਬਦਲੀ ਕੀਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਦੀ ਜਿੰਦਗੀ ਆਰਥਿਕ ਅਤੇ ਸਮਾਜਿਕ ਰੂਪ ਵਿੱਚ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ 108 ਸਟਾਫ਼ ਦਾ ਮੈਡੀਕਲ ਦੁਰਘਟਨਾ ਬੀਮਾ ਕਰਵਾਇਆ ਜਾਵੇ ਅਤੇ ਕੋਵਿਡ ਦੇ ਸਮੇਂ ਦੌਰਾਨ ਬੰਦ ਕੀਤੀਆਂ ਛੁੱਟੀਆਂ ਮੁੜ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਹੱਕੀ ਅਵਾਜ਼ ਬੁਲੰਦ ਕਰਨ ਵਾਲੇ ਸਟਾਫ਼ ਨੂੰ ਬਰਖਾਸਤ ਕਰਕੇ ਹੌਂਸਲਾ ਪਸਤ ਕਰਨ ਵਰਗੇ ਨਾਕਾਮ ਕਦਮ ਚੁੱਕਦੀ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਡਰਾਈਵਰ ਤੋਂ 8 ਘੰਟੇ ਡਿਊਟੀ ਲਈ ਜਾ ਸਕਦੀ ਹੈ ਪਰ ਕੰਪਨੀ 12-12 ਘੰਟੇ ਕੰਮ ਕਰਨ ਲਈ ਮਜ਼ਬੂਰ ਕਰਦੀ ਹੈ। ਇਸ ਮੌਕੇ ਯੂਨੀਅਨ ਦੇ ਹੱਕ ਵਿੱਚ ਆਏ ਰਾਸ਼ਟਰੀ ਭਗਵਾਂ ਸੈਨਾ ਦੇ ਕੌਮੀ ਪ੍ਰਧਾਨ ਪੰਕਜ਼ ਦਵੇਸਰ ਅਤੇ ਚੇਅਰਮੈਨ ਸੰਤੋਕ ਸੁਖ ਸਮੇਤ ਬਾਲਮੀਕ ਸਮਾਜ ਦੇ ਗੁਰੂ ਨਕੱਸ਼ਤਰ ਨਾਥ ਨੇ ਕਿਹਾ ਕਿ ਉਹ ਸਰਕਾਰ ਨੂੰ 71 ਘੰਟਿਆਂ ਦਾ ਅਲਟੀਮੇਟਮ ਦਿੰਦੇ ਹਨ।

ਜੇਕਰ ਫਿਰ ਵੀ ਸਰਕਾਰ ਨੇ 108 ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮਜ਼ਬੂਰਨ ਆਉਣ ਵਾਲੀ 4 ਅਗਸਤ ਨੂੰ 108 ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ 108 ਸਟਾਫ ਨੂੰ ਕੰਪਨੀ ਦੇ ਠੇਕੇ ਰੱਦ ਕਰਕੇ ਸਰਕਾਰ ਤੁਰੰਤ ਆਪਣੇ ਅਧੀਨ ਲਵੇ ਤਾਂ ਜੋ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੇਣ ਵਾਲੇ ਇਸ ਸਟਾਫ਼ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦਿਆਂ ਕੰਪਨੀ ਪੰਜਾਬ ਦਾ ਕਰੋੜਾਂ ਰੁਪਏ ਆਪਣੇ ਮੁੱਖ ਦਫ਼ਤਰ ਮੁੰਬਈ ਭੇਜ਼ ਰਹੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਕੰਪਨੀ ਤੋਂ ਉਨ੍ਹਾਂ ਦੀਆਂ ਮੰਗਾਂ ਨਾ ਮਨਵਾਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਤਿੱਖਾ ਸੰਘਰਸ਼ ਵਿੱਢ ਦੇਣਗੇ।

LEAVE A REPLY

Please enter your comment!
Please enter your name here