ਆਈ ਫਲੂ ਹੋਣ ਤੇ ਸਵੈ-ਦਵਾਈ ਨਾ ਕਰੋ ਅਤੇ ਸਰਕਾਰੀ ਸਿਹਤ ਕੇਂਦਰਾਂ ਨਾਲ ਸੰਪਰਕ ਕਰੋ: ਸਿਵਲ ਸਰਜਨ  

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਬਰਸਾਤਾਂ ਦੇ ਮੌਸਮ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਜਲਵਾਯੂ ਤਬਦੀਲੀ ਕਾਰਨ ਅੱਖਾਂ ਦਾ ਫਲੂ ਵੱਧ ਰਿਹਾ ਹੈ। ਆਈ ਫਲੂ ਦੇ ਵੱਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਖਾਂ ਦੇ ਵਿਭਾਗ ਦੇ ਨੋਡਲ ਅਫਸਰ ਤੇ ਅੱਖਾਂ ਦੇ ਮਾਹਿਰ ਡਾ ਸੰਤੋਖ ਰਾਮ ਵੱਲੋਂ ਲੋਕਾਂ ਨੂੰ ਇਸ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

Advertisements

ਡਾ ਸੰਤੋਖ ਰਾਮ ਨੇ ਤੇਜ਼ੀ ਨਾਲ ਫ਼ੈਲ ਰਹੀ ਅੱਖਾਂ ਦੀ ਬੀਮਾਰੀ ਕੰਜਕਟੀਵਾਈਟਸ ਜਿਸ ਨੂੰ ਆਮ ਭਾਸ਼ਾ ਵਿਚ ਆਈ ਫਲੂ ਵੀ ਕਹਿੰਦੇ ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਬਰਸਾਤੀ ਮੌਸਮ ਵਿਚ ਅੱਖਾਂ ਦੀ ਇਨਫੈਕਸ਼ਨ ਹੋਣਾ ਆਮ ਗੱਲ ਹੈ, ਜਿਸ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ। ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਤੁਹਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਛੋਟੇ ਬੱਚੇ, ਐਲਰਜੀ ਵਾਲੇ ਮਰੀਜ਼, ਬਜ਼ੁਰਗ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਇਸਦਾ ਵਧੇਰੇ ਖਤਰਾ ਹੈ। ਆਈ ਫਲੂ ਹੋਣ ਤੇ ਜਾਂ ਅੱਖਾਂ ਦੀ ਲਾਲੀ ਦੀ ਕਿਸੇ ਵੀ ਕਿਸਮ ਦੀ ਲਾਗ ਦੇ ਮਾਮਲੇ ਵਿੱਚ ਸਵੈ-ਦਵਾਈ ਨਾ ਕਰੋ ਅਤੇ ਘਰੇਲੂ ਉਪਚਾਰਾਂ ਤੋਂ ਬਚੋ। ਅੱਖਾਂ ਦੇ ਫਲੂ ਦੇ ਲੱਛਣ ਦਿਖਾਈ ਦੇਣ ‘ਤੇ ਸਰਕਾਰੀ ਸਿਹਤ ਕੇਂਦਰਾਂ ਨਾਲ ਸੰਪਰਕ ਕਰੋ। 

ਡਾ ਸੰਤੋਖ ਰਾਮ ਨੇ ਕਿਹਾ ਕਿ ਸਮੇਂ ਸਿਰ ਬਹੁਤ ਹੀ ਸਾਧਾਰਨ ਦਵਾਈਆਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤੋ। ਇਹ ਲਾਗ ਇੱਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿੱਚ ਅਤੇ ਸਾਂਝੀਆ ਵਰਤੀਆਂ ਗਈਆਂ ਵਸਤੂਆਂ ਰਾਹੀਂ ਫੈਲਦਾ ਹੈ। ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ। ਕੰਨਜਕਟਿਵਾਇਟਿਸ ਮਰੀਜ਼ ਦੁਆਰਾ ਵਰਤੇ ਗਏ ਕਿਸੇ ਵੀ ਉਪਕਰਨ ਨੂੰ ਨਾ ਛੂਹੋ। ਅੱਖਾਂ ਦੀ ਖੁਜਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਦੀ ਸੋਜ, ਸੰਕਰਮਿਤ ਅੱਖ ਵਿੱਚੋਂ ਚਿੱਟੇ ਰੰਗ ਦਾ ਰਿਸਾਅ, ਨੱਕ ਵਗਣਾ, ਬੁਖਾਰ ਆਦਿ ਆਈ ਫਲੂ ਦੇ ਲੱਛਣ ਹੋ ਸਕਦੇ ਹਨ ।

ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤੋਂ ਬਚਾਅ ਲਈ ਨਿਯਮਿਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ। ਅੱਖਾਂ ਨੂੰ ਸਾਫ਼ ਕਰਨ ਲਈ ਵਾਈਪਸ ਦੀ ਵਰਤੋਂ ਕਰੋ। ਆਪਣੀਆਂ ਅੱਖਾਂ ਨਾ ਰਗੜੋ। ਕਾਂਟੈਕਟ ਲੈਂਸ ਦੀ ਵਰਤੋਂ ਤੋਂ ਬਚੋ। ਅੱਖਾਂ ਦੀ ਲਾਗ ਵਾਲੇ ਬੱਚਿਆਂ ਨੂੰ ਸਕੂਲ ਨਾ ਭੇਜੋ। ਭੀੜ ਵਾਲੀਆਂ ਥਾਵਾਂ ਅਤੇ ਤੈਰਾਕੀ ਤੋਂ ਬਚੋ। ਮਰੀਜ਼ ਨੂੰ ਅਲੱਗ-ਥਲੱਗ ਰੱਖੋ, ਉਸ ਦਾ ਤੌਲੀਆ-ਸਰਹਾਣਾ ਵੱਖਰਾ ਰੱਖੋ ਅਤੇ 3 ਤੋਂ 5 ਦਿਨ ਘਰ ਵਿੱਚ ਹੀ ਰਹੋ। ਛੂਹਣ ਤੋਂ ਬਚਣ ਲਈ ਐਨਕਾਂ ਪਹਿਨੋ ਅਤੇ ਸਫਾਈ ਦਾ ਧਿਆਨ ਰੱਖੋ। ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਵੋ। 7 ਦਿਨਾਂ ਤੋਂ ਵੱਧ ਸਮੇਂ ਲਈ ਨਜ਼ਰ ਦੇ ਧੁੰਦਲੇਪਣ, ਫੋਟੋਫੋਬੀਆ, ਅੱਖਾਂ ਵਿੱਚ ਤੇਜ਼ ਦਰਦ, ਡਿਸਚਾਰਜ, ਲੱਛਣਾਂ ਦੇ ਮਾਮਲੇ ਵਿੱਚ ਅੱਖਾਂ ਦੇ ਮਾਹਰ ਨਾਲ ਸੰਪਰਕ ਕਰੋ।

LEAVE A REPLY

Please enter your comment!
Please enter your name here