ਗੜ੍ਹਸ਼ੰਕਰ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਸਕੂਲੀ ਬੱਸਾਂ ਸਬੰਧੀ ਜਾਰੀ ਵੱਖ-ਵੱਖ ਹਦਾਇਤਾਂ ਦੀ ਪਾਲਣਾ ਹਿੱਤ ਐਸ.ਡੀ.ਐਮ ਗੜ੍ਹਸ਼ੰਕਰ ਡਾ. ਸ਼ਿਵਰਾਜ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਅਧੀਨ ਆਉਂਦੇੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ/ਇੰਚਾਰਜਾਂ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਬੀ.ਪੀ.ਈ.ਓਜ਼, ਗੜ੍ਹਸ਼ੰਕਰ/ਮਾਹਿਲਪੁਰ ਨਾਲ ਰੈੱਡ ਕਰਾਸ ਭਵਨ ਗੜ੍ਹਸ਼ੰਕਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਸ਼ਿਵਰਾਜ ਸਿੰਘ ਬੱਲ ਨੇ ਹਾਜ਼ਰ ਸਕੂਲ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਬੱਚਿਆਂ ਨੂੰ ਸਕੂਲ ਲਿਆਉਣ/ਘਰ ਛੱਡਣ ਵਾਲੀ ਹਰੇਕ ਬੱਸ ਦਾ ਵੈਲਿਡ ਫਿਟਨਸ ਸਰਟੀਫਿਕੇਟ ਹੋਵੇ, ਸਰਕਾਰ ਦੀ ਹਦਾਇਤ ਅਨੁਸਾਰ ਸਪੀਡ ਗਵਰਨਰ ਚਾਲੂ ਹਾਲਤ ਵਿਚ ਹੋਵੇ, ਬੱਸ ਡਰਾਈਵਰ ਕੋਲ ਵੈਲਿਡ ਲਾਇਸੰਸ ਹੋਵੇ ਅਤੇ ਬੱਸਾਂ ਵਿਚ ਉਸ ਦੀ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ।
ਇਨ੍ਹਾਂ ਹਦਾਇਤਾਂ ਦੀ ਪਾਲਣਾ ਸਬੰਧੀ ਹਾਜ਼ਰ ਸਮੂਹ ਸਕੂਲਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਲਿਖਤੀ ਰੂਪ ਵਿਚ ਸਰਟੀਫਿਕੇਟ ਦਿੱਤਾ ਗਿਆ ਕਿ ਉਹ ਸਰਕਾਰ ਦੀਆਂ ਸਕੂਲੀ ਬੱਸਾਂ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਜ਼ਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸਕੂਲੀ ਬੱਸਾਂ ਦੀ ਹਰ ਹਫ਼ਤੇ ਚੈਕਿੰਗ ਕਰਨ ਲਈ ਹਦਾਇਤ ਜਾਰੀ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਕਿ ਜ਼ੇਕਰ ਉਨ੍ਹਾਂ ਦੇ ਬੱਚੇ ਪ੍ਰਾਈਵੇਟ ਵਾਹਨ ਰਾਹੀਂ ਜਾ ਰਹੇ ਹਨ, ਤਾਂ ਉਹ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਬੱਚੇ ਆਪ ਖ਼ੁਦ ਆਪਣੇ ਵਹੀਕਲ ’ਤੇ ਆਉਦੇ ਹਨ, ਤਾਂ ਉਨ੍ਹਾਂ ਦੇ ਕੋਲ ਵੈਲਿਡ ਲਾਇਸੰਸ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾਂ ਯਕੀਨੀ ਬਣਾਉਣੀ ਹੋਵੇਗੀ।