ਪੰਜਾਬੀ ਸੱਭਿਆਚਾਰ ਨੂੰ ਫੈਲਾਉਣ ਲਈ ਗੁਰਮੁਖੀ, ਗੁਰਬਾਣੀ ਤੇ ਗੱਤਕੇ ਨੂੰ ਪ੍ਰਫੁੱਲਤ ਕਰਨ ਦੀ ਲੋੜ: ਹਰਜੀਤ ਗਰੇਵਾਲ

ਚੰਡੀਗੜ੍ਹ, (ਦ ਸਟੈਲਰ ਨਿਊਜ਼)। ਵਿਸ਼ਵੀਕਰਨ ਅਤੇ ਆਧੁਨਿਕਤਾ ਦੇ ਦੌਰ ਵਿੱਚ ਦਰਪੇਸ਼ ਚੁਣੌਤੀਆਂ ਦਰਮਿਆਨ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਸੰਭਾਲਣ, ਉਤਸ਼ਾਹਿਤ ਕਰਨ ਅਤੇ ਹਰਮਨ-ਪਿਆਰਾ ਬਣਾਉਣ ਦਾ ਸੱਦਾ ਦਿੰਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੀ ਪੁਰਾਤਨ ਅਮੀਰ ਵਿਰਾਸਤ ਦੇ ਮੁੱਖ ਥੰਮ੍ਹਾਂ ਵਜੋਂ ਤਿੰਨ “ਗੱਗਿਆਂ” (3ਜੀ), ਭਾਵ ਗੁਰਮੁਖੀ, ਗੁਰਬਾਣੀ ਅਤੇ ਗੱਤਕਾ, ਨੂੰ ਪ੍ਰਚਾਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀਅਤ ਦੇ ਮੂਲ ਵਿਰਸੇ ਤੇ ਵਿਰਾਸਤ ਨਾਲ ਜੁੜੀਆਂ ਰਹਿਣ। ਉਨ੍ਹਾਂ ਇਹ ਸੰਕਲਪ ਬਰੈਂਪਟਨ, ਟੋਰਾਂਟੋ ਵਿਖੇ ਆਯੋਜਿਤ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਰਵੇਂ ਇਕੱਠ ਸਾਹਮਣੇ ਪੇਸ਼ ਕੀਤਾ।

Advertisements

ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਵਿੱਚ, ਸਟੇਟ ਅਵਾਰਡ ਜੇਤੂ ਸ. ਗਰੇਵਾਲ ਨੇ ਵਿਸ਼ਵ ਪੰਜਾਬੀ ਭਾਈਚਾਰੇ ਲਈ ਏਕਤਾ, ਵਿਲੱਖਣ ਪਛਾਣ ਅਤੇ ਅਮੀਰ ਵਿਰਸੇ ਦੇ ਇੱਕ ਸਥਾਈ ਤੇ ਗੌਰਵਮਈ ਪ੍ਰਤੀਕ ਵਜੋਂ ਅਜੋਕੇ ਯੁੱਗ ਵਿੱਚ ਗੁਰਮੁਖੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗੁਰਮੁਖੀ ਨੇ ਅਧਿਆਤਮਿਕ ਭੂਮਿਕਾ ਤੋਂ ਇਲਾਵਾ, ਪੀੜ੍ਹੀ ਦਰ ਪੀੜ੍ਹੀ ਗੁਰਬਾਣੀ, ਗੁਰਸਿੱਖੀ, ਸਾਹਿਤ, ਕਵਿਤਾ, ਬੁੱਧੀ ਅਤੇ ਬੌਧਿਕਤਾ ਦੀ ਸੰਭਾਲ, ਪ੍ਰਸਾਰ ਅਤੇ ਤਰਬੀਅਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਚੇਅਰਮੈਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਗਰੇਵਾਲ ਨੇ ਸ਼ਸ਼ਤਰ ਵਿੱਦਿਆ ਦੀ ਅਮੀਰ ਵਿਰਾਸਤ ਬਾਰੇ ਦੱਸਦਿਆਂ ਕਿਹਾ ਕਿ ਗੱਤਕੇ ਦਾ ਵੱਡਾ ਇਤਿਹਾਸਕ ਮਹੱਤਵ ਹੈ ਕਿਉਂਕਿ ਇਹ ਪੰਜਾਬੀਆਂ ਦੀ ਬਹਾਦਰੀ, ਦਲੇਰੀ ਅਤੇ ਹੌਸਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 600 ਸਾਲ ਪੁਰਾਣੀ ਇਹ ਯੁੱਧ ਕਲਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਵਿਸ਼ਵ ਭਰ ਵਿੱਚ ਭਾਈਚਾਰੇ ਦੀ ਨੇਕ, ਪਵਿੱਤਰ ਅਤੇ ਅਦੁੱਤੀ ਭਾਵਨਾ ਦਾ ਮੁਜੱਸਮਾ ਹੈ।

ਆਪਣੇ ਸੰਬੋਧਨ ਵਿੱਚ ਗੱਤਕਾ ਪ੍ਰਮੋਟਰ ਗਰੇਵਾਲ ਨੇ ਵਿਸ਼ਵੀਕਰਨ ਦੀਆਂ ਚੁਣੌਤੀਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਖ਼ਾਤਮੇ ਦੇ ਮੱਦੇਨਜ਼ਰ ਪ੍ਰਮੁੱਖ ਤਿੰਨ ਥੰਮ੍ਹਾਂ (ਗੁਰਮੁਖੀ, ਗੁਰਬਾਣੀ ਅਤੇ ਗੱਤਕੇ) ਨੂੰ ਸੰਭਾਲਣ ਦੀ ਲੋੜ ‘ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਕਨੀਕੀ ਤੇ ਉੱਨਤੀ ਦੇ ਯੁੱਗ ਵਿੱਚ ਭਾਈਚਾਰੇ ਦੀਆਂ ਜੜ੍ਹਾਂ ਕਾਇਮ ਰੱਖਣ, ਗੁਰਸਿੱਖੀ, ਪੰਜਾਬੀ ਤੇ ਪੰਜਾਬੀਅਤ ਦੀ ਪਛਾਣ ਸਦੀਵੀਂ ਬਰਕਰਾਰ ਰੱਖਣ ਲਈ ਮਾਂ-ਬੋਲੀ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ।

ਤਿੰਨ “ਗੱਗਿਆਂ” ਦੇ ਪ੍ਰਚਾਰ-ਪਸਾਰ ਦੀ ਵਕਾਲਤ ਕਰਦਿਆਂ ਇਸ ਸਿੱਖ ਬੁੱਧੀਜੀਵੀ ਅਧਿਕਾਰੀ ਨੇ ਕਿਹਾ ਕਿ ਗੁਰਮੁਖੀ, ਗੁਰਬਾਣੀ ਅਤੇ ਗੱਤਕੇ ਦਾ ਆਪਸੀ ਅਟੁੱਟ ਸੰਬੰਧ ਹੈ। ਇਨ੍ਹਾਂ ਬੇਸ਼ਕੀਮਤੀ ਸੱਭਿਆਚਾਰਕ ਤੇ ਅਧਿਆਤਮਿਕ ਖਜ਼ਾਨਿਆਂ ਨੂੰ ਗਲੇ ਲਗਾਉਣਾ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਹੈ, ਸਗੋਂ ਦੁਨੀਆਂ ਭਰ ਦੇ ਪੰਜਾਬੀਆਂ ਵਿੱਚ ਆਪਣਾਪਣ ਅਤੇ ਸਵੈਮਾਣ ਦੀ ਭਾਵਨਾ ਨੂੰ ਵਧਾਉਣਾ ਵੀ ਹੈ। ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੀ ਵੱਡੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਨ ਵਜੋਂ ਵਿਰਾਸਤੀ ਮਾਰਸ਼ਲ ਆਰਟ ਲੋਕਾਈ ਵਿੱਚ ਹਿੰਮਤ, ਬਹਾਦਰੀ, ਲਗਨ ਅਤੇ ਦੂਜਿਆਂ ਨੂੰ ਸਤਿਕਾਰ ਦੇਣ ਵਰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਮਹੱਤਵਪੂਰਨ ਹੈ।

ਗਰੇਵਾਲ ਨੇ ਪ੍ਰਵਾਸੀ ਭਾਈਚਾਰੇ ਨੂੰ ਸਮੂਹਿਕ ਤੌਰ ‘ਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਇਹ ਵਿਰਾਸਤੀ ਸੱਭਿਆਚਾਰਕ ਤੇ ਅਧਿਆਤਮਿਕ ਥੰਮ੍ਹ ਸਦਾ ਚੜ੍ਹਦੀਕਲਾ ਵਿੱਚ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦੀਵੀਂ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਇਸ ਕਾਨਫਰੰਸ ਰਾਹੀਂ ਬੌਧਿਕ ਅਦਾਨ-ਪ੍ਰਦਾਨ, ਵਿਦਿਅਕ ਪਹਿਲਕਦਮੀਆਂ, ਸੱਭਿਆਚਾਰਕ ਸਰਗਰਮੀਆਂ ਤੇ ਗੱਤਕੇ ਲਈ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਨ ਲਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮੂਹ ਪ੍ਰਬੰਧਕਾਂ ਸਮੇਤ ਗਿਆਨ ਸਿੰਘ ਕੰਗ, ਕਮਲਜੀਤ ਸਿੰਘ ਲਾਲੀ ਕੰਗ, ਪ੍ਰੋ. ਜਗੀਰ ਸਿੰਘ ਕਾਹਲੋਂ, ਚਮਕੌਰ ਸਿੰਘ ਮਾਛੀਕੇ, ਇਰਵਿੰਦਰ ਸਿੰਘ ਆਹਲੂਵਾਲੀਆ ਦੀ ਵੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here