ਭਾਰਤ ਸਰਕਾਰ ਦੀ 3 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਜੀਐਨਡੀਯੂ ਕਾਲਜ ਵਿੱਚ ਆਗਾਜ਼

ਪਠਾਨਕੋਟ (ਦ ਸਟੈਲਰ ਨਿਊਜ਼): ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਦੇਸ਼ ਭਰ ਵਿੱਚ 9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੀ ਥੀਮ ਉੱਤੇ ਵੱਖੋ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸ਼ਹਿਰ ਦੇ ਜੀ.ਐਨ.ਡੀ.ਯੂ. ਕਾਲਜ ਵਿੱਚ 9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੀ ਥੀਮ ’ਤੇ ਚਿੱਤਰ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਦਾ ਬੁੱਧਵਾਰ ਨੂੰ ਆਗਾਜ਼ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਨੌਜਵਾਨ ਪੀੜ੍ਹੀ ਨੂੰ ਮੌਜੂਦਾ ਸਮੇਂ ਵਿਚ ਚੰਗੀ ਸੇਧ ਦੇਣ ਦੀ ਲੋੜ ਹੈ, ਤਾਂ ਜੋ ਉਹ ਦੇਸ਼ ਵਿੱਚ ਅਪਣਾ ਮਹੱਤਵਪੂਰਨ ਯੋਗਦਾਨ ਦੇ ਸਕਣ।

Advertisements

ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਦੇ ਜ਼ਰੀਏ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਵੀ ਪ੍ਰੇਰਿਆ। ਇਸ ਮੌਕੇ ਬੀ.ਐੱਸ.ਐੱਫ. ਦੇ ਕਮਾਂਡੈਂਟ ਸੁਨੀਲ ਮਿਸ਼ਰਾ ਨੇ ਲੋਕਾਂ ਨੂੰ ਫਿੱਟ ਇੰਡੀਆ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਦੇਸ਼ ਦੀ ਅਰਥਵਿਵਥਾ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਨਾਲ ਹੀ ਉਨ੍ਹਾਂ ਫੌਜ ਅਤੇ ਬੀ.ਐੱਸ.ਐੱਫ. ਵਿੱਚ ਜਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਲਈ ਇਹ ਇੱਕ ਬਿਹਤਰ ਮਾਧਿਅਮ ਹੈ। ਮੰਚ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਬੀ.ਐੱਸ.ਐੱਫ. ਵੱਲੋਂ ਕੀਤੇ ਜਾ ਰਹੇ ਵੱਖੋ-ਵੱਖ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਅੰਮ੍ਰਿਤਸਰ ਦੇ ਮੁੱਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸੇ ਲੜੀ ਦੇ ਤਹਿਤ ਲਾਈ ਗਈ ਇਸ ਚਿੱਤਰ ਪ੍ਰਦਰਸ਼ਨੀ ਦੇ ਜ਼ਰੀਏ ਪਠਾਨਕੋਟ ਵਿੱਚ ਵੀ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖੋ ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਗੁਰਮੀਤ ਸਿੰਘ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਐਨ.ਐੱਸ.ਐੱਸ. ਅਤੇ ਕਾਲਜ ਪ੍ਰਸ਼ਾਸਨ ਦੀ ਜੰਮ ਕੇ ਸ਼ਲਾਘਾ ਕੀਤੀ। ਮੰਚ ਤੋਂ ਸੰਬੋਧਨ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਅਰਪਨਾ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਕਾਲਜ ਵਲੋਂ ਜ਼ਮੀਨੀ ਪੱਧਰ ’ਤੇ ਵੱਖੋ ਵੱਖ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ ਹੈ। ਉਨ੍ਹਾਂ ਚਿੱਤਰ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਵਿੱਚ ਕਾਫੀ ਮਦਦ ਮਿਲੇਗੀ।

ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਨੇ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਮੁਨੀਸ਼ ਨੇ ਪਹਿਲਾ, ਆਰੂਸ਼ੀ ਨੇ ਦੂਜਾ ਅਤੇ ਕਲਪਨਾ ਠਾਕੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜਦਕਿ ਲੇਖ ਮੁਕਾਬਲੇ ਵਿੱਚ ਰਾਜਿੰਦਰ ਕੌਰ ਨੇ ਪਹਿਲਾ, ਪਾਰੁਲ ਨੇ ਦੂਜਾ ਅਤੇ ਕ੍ਰਿਸ਼ਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਵੀ ਸਰਕਾਰ ਦੀਆਂ ਵੱਖੋ ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

LEAVE A REPLY

Please enter your comment!
Please enter your name here