ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਮੌੜ ਵਿਖੇ ਤਾਇਨਾਤ ਡੀਐਸਪੀ ਕਾਬੂ

ਚੰਡੀਗੜ੍ਹ, (ਦ ਸਟੈਲਰ ਨਿਊਜ਼): ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਖੇ ਤਾਇਨਾਤ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਦੌਰਾਨ ਵਿਜੀਲੈਂਸ ਨੇ ਉਕਤ ਡੀ.ਐਸ.ਪੀ. ਦੇ ਰੀਡਰ ਮਨਪ੍ਰੀਤ ਸਿੰਘ (ਹੈੱਡ ਕਾਂਸਟੇਬਲ) ਕੋਲੋਂ ਇੱਕ ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਰਕਮ ਬਾਰੇ ਵੱਖਰੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਰਕਮ ਵੀ ਰਿਸ਼ਵਤ ਵਜੋਂ ਲਈ ਹੋ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਰਵਿੰਦਰ ਸਿੰਘ ਵਾਸੀ ਮੌੜ ਮੰਡੀ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪੁੱਤਰ ਖ਼ਿਲਾਫ਼ ਥਾਣਾ ਬਾਲਿਆਂਵਾਲੀ ਵਿਖੇ ਇਕ ਝਗੜੇ ਸਬੰਧੀ ਸ਼ਿਕਾਇਤ ਦਰਜ ਹੋਈ ਸੀ। ਉਸ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਸਾਬਤ ਕਰਨ ਲਈ ਐਸ.ਐਸ.ਪੀ. ਦਫ਼ਤਰ ਬਠਿੰਡਾ ਵਿਖੇ ਦਰਖ਼ਾਸਤ ਦਿੱਤੀ ਸੀ, ਜਿਸਦੀ ਜਾਂਚ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ ਸੌਂਪੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਪੁੱਤਰ ਦੀ ਬੇਗੁਨਾਹੀ ਸਾਬਤ ਕਰਨ ਲਈ ਇੱਕ ਵੀਡੀਓ ਵੀ ਪੇਸ਼ ਕੀਤੀ ਪਰ ਮੁਲਜ਼ਮ ਡੀ.ਐਸ.ਪੀ. ਨੇ ਉਸ ਦੇ ਪੁੱਤਰ ਨੂੰ ਕਲੀਨ ਚਿੱਟ ਦੇਣ ਬਦਲੇ 50,000 ਰੁਪਏ ਰਿਸ਼ਵਤ ਮੰਗ ਲਈ।

ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 30,000 ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here