ਭਾਸ਼ਾ ਵਿਭਾਗ ਪੰਜਾਬ ਵਿਖੇ ਮਨਾਇਆ ਗਿਆ ਸੰਸਕ੍ਰਿਤ ਦਿਵਸ

ਪਟਿਆਲਾ, (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ਵਿਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਨੂੰ ਸਮਰਪਿਤ ਸੰਸਕ੍ਰਿਤ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਸ਼ੁਰੂ ਵਿਚ ਡਾ. ਵੀਰਪਾਲ ਕੌਰ, ਐਡੀਸ਼ਨਲ ਡਾਇਰੈਕਟਰ ਭਾਸ਼ਾ ਵਿਭਾਗ ਜੀ ਵੱਲੋਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੰਸਕ੍ਰਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦੇ ਹੋਏ ਵਿਭਾਗ ਵੱਲੋਂ ਸੰਸਕ੍ਰਿਤ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ।
 

Advertisements

ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਭਾਸ਼ਾ ਵਿਭਾਗ ਪੰਜਾਬੀ ਦੀ ਪ੍ਰਫੁਲਤਾ ਲਈ ਨਿਰੰਤਰ ਯਤਨ ਕਰ ਰਿਹਾ ਹੈ ਉਥੇ ਸੰਸਕ੍ਰਿਤ ਦੇ ਵਿਕਾਸ ਲਈ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ. ਵੱਲੋਂ ਆਪਣੇ ਭਾਸ਼ਣ ਵਿਚ ਜਿੱਥੇ ਭਾਸ਼ਾ ਵਿਭਾਗ ਵੱਲੋਂ ਭਾਸ਼ਾਵਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਸ਼ਾ ਅਤੇ ਕਲਾ ਨੂੰ ਪ੍ਰਫੁਲਤ ਕਰਨ ਲਈ ਵਚਨਬੱਧ ਹੈ। ਇਸ ਕਾਰਜ ਲਈ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਵਿੱਤੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ।

ਸਮਾਗਮ ਵਿਚ ਪਹੁੰਚੇ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਵੱਲੋਂ ਭਾਸ਼ਾ ਵਿਭਾਗ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਉਨ੍ਹਾਂ ਵੱਲੋਂ ਦਸਮ ਗ੍ਰੰਥ ਸਬੰਧੀ ਕੀਤੇ ਆਪਣੇ ਖੋਜ ਕਾਰਜ ਵਿਚ ਆਏ ਸੰਸਕ੍ਰਿਤ ਹਵਾਲਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਸਮਾਗਮ ਵਿਚ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾ. ਜਗਦੀਸ਼ ਪ੍ਰਸਾਦ ਸੇਮਵਾਲ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਵੱਲੋਂ ਸੰਸਕ੍ਰਿਤ ਭਾਸ਼ਾ ਦੀ ਪ੍ਰਾਚੀਨ ਕਾਲ ਅਤੇ ਆਧੁਨਿਕ ਸਮੇਂ ਵਿਚ ਲੋੜ ਨੂੰ ਮੁੱਖ ਰੱਖਦੇ ਹੋਏ ਭਾਵਪੂਰਤ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਦਾ ਹਵਾਲਾ ਦਿੰਦਿਆਂ ਹੋਇਆਂ ਮੌਜੂਦਾ ਸਮੇਂ ਵਿਚ ਸੰਸਕ੍ਰਿਤ ਭਾਸ਼ਾ ਸਿੱਖਣ ਦੀ ਲੋੜ ਤੇ ਜ਼ੋਰ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਮਹੇਸ਼ ਗੌਤਮ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਸੰਸਕ੍ਰਿਤ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸੰਸਕ੍ਰਿਤ ਭਾਸ਼ਾ ਦੇ ਮੌਜੂਦਾ ਸਰੂਪ ਬਾਰੇ ਜਨ-ਮਾਨਸ ਨੂੰ ਜਾਣੂ ਕਰਵਾਇਆ ਜਾ ਸਕੇ।

ਇਸ ਸਮਾਗਮ ਵਿਚ ਸਾਈਂ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ ਅਤੇ ਪ੍ਰੇਮ ਧਾਮ ਵਿਦਿਆ ਮੰਦਿਰ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਨਾਟਕ “ਪ੍ਰਯਾਵਰਣ” ਸੰਸਕ੍ਰਿਤ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਸੰਸਕ੍ਰਿਤ ਕਵੀਆਂ/ਆਚਾਰੀਆਂ ਵੱਲੋਂ ਸਲੋਕ ਉਚਾਰਣ/ਕਵਿਤਾ ਗਾਇਨ ਕੀਤਾ ਗਿਆ ਜਿਨ੍ਹਾਂ ਵਿਚ ਪ੍ਰਮੁੱਖ ਤੌਰ ਤੇ ਡਾ. ਰੀਨਾ, ਡਾ. ਓਮਨਦੀਪ ਸ਼ਰਮਾ, ਆਚਾਰਯ ਗੁਰਦਾਸ, ਡਾ. ਕਪਿਲ, ਗਗਨਦੀਪ ਪਾਠਕ, ਮੈਡਮ ਕਵਿਤਾ, ਡਾ. ਆਸ਼ੀਸ਼ ਕੁਮਾਰ ਅਤੇ ਡਾ. ਅੰਗਰਾਜ ਸ਼ਰਮਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਸੁਰਿੰਦਰ ਸ਼ਰਮਾ ਨਾਗਰਾ ਦੀ ਪੁਸਤਕ “ਵੈਦਿਕ ਸੰਸਕ੍ਰਿਤੀ” ਰਿਲੀਜ਼ ਕੀਤੀ ਗਈ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।  

ਇਸ ਸਮਾਗਮ ਦੀ ਸਮੁੱਚੀ ਰੂਪ-ਰੇਖਾ ਸ੍ਰੀ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਤੇ ਦਵਿੰਦਰ ਕੌਰ, ਖੋਜ ਅਫ਼ਸਰ ਨੇ ਤਿਆਰ ਕੀਤੀ। ਡਾ. ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਆਏ ਸਾਹਿਤਕਾਰਾਂ/ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਮਨਜਿੰਦਰ ਸਿੰਘ, ਖੋਜ ਅਫਸਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬੀ ਦੇ ਉੱਘੇ ਵਿਦਵਾਨ ਵੀ ਸ਼ਾਮਲ ਹੋਏ ਜਿਨ੍ਹਾਂ ਵਿਚ ਸੁਖਵਿੰਦਰ ਸੇਖੋਂ, ਗੁਰਚਰਨ ਚੰਨ, ਗੁਰਦਰਸ਼ਨ ਸਿੰਘ ਸੀਲ, ਕੁਲਵੰਤ ਸਿੰਘ ਸੈਦੋਕੇ, ਧਰਮ ਕੰਮੇਆਣਾ, ਡਾ. ਹਰਨੇਕ ਸਿੰਘ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸੇਆਣਾ, ਤੇਜਿੰਦਰ ਅਨਜਾਣਾ, ਬਲਵਿੰਦਰ ਭੱਟੀ, ਤ੍ਰਿਲੋਕ ਢਿੱਲੋਂ, ਕੈਪਟਨ ਚਮਕੌਰ ਸਿੰਘ ਚਹਿਲ ਤੋਂ ਇਲਾਵਾ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ,ਹਰਭਜਨ ਕੌਰ, ਡਿਪਟੀ ਡਾਇਰੈਕਟਰ, ਅਸ਼ਰਫ ਮਹਿਮੂਦ ਨੰਦਨ, ਸੁਰਿੰਦਰ ਕੌਰ, ਜਸਪ੍ਰੀਤ ਕੌਰ,ਸਹਾਇਕ ਡਾਇਰੈਕਟਰ, ਡਾ. ਸੰਤੋਖ ਸਿੰਘ, ਡਾ. ਸਤਪਾਲ ਸਿੰਘ, ਖੋਜ ਅਫਸਰ, ਭਗਵਾਨ ਸਿੰਘ, ਜਸਬੀਰ ਸਿੰਘ ਅਤੇ ਗੁਰਮੇਲ ਸਿੰਘ, ਜਗਮੇਲ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here