ਐਸਐਚਓ ਵੱਲੋਂ ਜਲੀਲ ਕਰਨ ਤੋਂ ਦੁੱਖੀ ਹੋ ਦਰਿਆ ਵਿੱਚ ਛਾਲ ਮਾਰਨ ਵਾਲੇ ਜਸ਼ਨ ਦੀ ਲਾਸ਼ ਬਰਾਮਦ, ਮਾਨਵ ਦੀ ਭਾਲ ਜਾਰੀ, ਫਰਾਰ ਐਸਐਚਓ ਨਵਦੀਪ ਤੇ ਹੋਰਨਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼), ਪਲਕ। ਕਰੀਬ 17 ਦਿਨੀਂ ਪਹਿਲਾਂ ਐਸਐਚਓ ਨਵਦੀਪ ਸਿੰਘ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਦੁਖੀ ਹੋ ਕੇ ਦੋ ਸਕੇ ਭਰਾ ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਢਿੱਲੋ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਉਸ ਦਿਨ ਤੋੰ ਹੀ ਦੋਹਾੰ ਦੀਆਂ ਲਾਸ਼ਾੰ ਦੀ ਭਾਲ ਜਾਰੀ ਸੀ ਅਤੇ ਜਸ਼ਨਬੀਰ ਦੀ ਲਾਸ਼ ਹਲਕਾ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਮੰਡ ਧੂੰਦਾਂ ਵਿੱਚੋਂ ਮਿਲੀ ਹੈ, ਜਦਕਿ ਮਾਨਵ ਦੀ ਲਾਸ਼ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਨਾਮਜ਼ਦ ਉਸ ਸਮੇਂ ਦੇ ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਸਿੰਘ ਅਤੇ ਕਾਂਸਟੇਬਲ ਜਗਜੀਤ ਕੌਰ ਤੇ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਲੁਭਾਣਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਨਵਜੀਤ ਦੀ ਭਾਲ ਲਈ ਡਰੋਨ ਰਾਹੀਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਇਹ ਸਰਚ ਆਪਰੇਸ਼ਨ ਮੰਡ ਧੂੰਦਾ ਜਿੱਥੇ ਛੋਟਾ ਭਰਾ ਜਸ਼ਨਬੀਰ ਦੀ ਲਾਸ਼ ਮਿਲੀ ਸੀ, ਉਸ ਥਾਂ ਤੋਂ ਲੈ ਕੇ ਤਿੰਨ ਕਿਲੋਮੀਟਰ ਦੂਰ ਸੱਜੇ ਤੋਂ ਖੱਬੇ ਦੋਵੇਂ ਪਾਸੇ ਚਲਾਇਆ ਜਾ ਰਿਹਾ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਐੱਸਐੱਚਓ ਨਵਦੀਪ ਸਿੰਘ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ਦਾ ਐਲਓ ਨੋਟਿਸ ਜਾਰੀ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਜਸ਼ਨਬੀਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੁਰਦਾਘਰ ਵਿੱਚ ਰੱਖਵਾਇਆ ਹੈ ਅਤੇ ਅੱਜ ਜਸ਼ਨਬੀਰ ਦੀ ਲਾਸ਼ ਨੂੰ ਜਲੰਧਰ ਲਿਆਂਦਾ ਜਾਵੇਗਾ। ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਨਵਜੀਤ ਦੀ ਲਾਸ਼ ਨਹੀਂ ਮਿਲ ਜਾਂਦੀ ਅਤੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ ਉੱਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਹੱਥ ਪੈਰ ਪੂਰੀ ਤਰਾਂ ਨਾਲ ਫੂਲੇ ਹੋਏ ਨਜ਼ਰ ਆ ਰਹੇ ਹਨ, ਕਿਊਂਕਿ ਉਹਨਾਂ ਦੇ ਆਪਣੇ ਵਿਭਾਗ ਦੇ ਇਕ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨੀ ਪੈ ਰਹੀ ਹੈ, ਜੋ ਦੋ ਸਕੇ ਭਰਾਵਾਂ ਦੀ ਆਤਮਹੱਤਿਆ ਦਾ ਕਥਿਤ ਦੋਸ਼ੀ ਹੈ।

ਦੱਸ ਦਇਏ ਕਿ ਇਹ ਉਹੀ ਐਸਐਚਓ ਹੈ, ਜਿਸ ਨੇ ਕਰੋਨਾ ਕਾਲ ਵਿੱਚ ਫਗਵਾੜਾ ਵਿਖੇ ਇਸ ਸਬਜੀ ਵਾਲੇ ਦੀ ਟੋਕਰੀ ਨੂੰ ਲੱਤ ਮਾਰ ਕੇ ਸਿਟ ਦਿੱਤਾ ਸੀ ਅਤੇ ਇਸ ਦੀ ਹੁਣ ਤੱਕ ਜਿੱਥੇ ਵੀ ਪੋਸਟਿੰਗ ਰਹੀ ਉੱਥੇ ਇਹ ਵਿਵਾਦਾਂ ਵਿਚ ਹੀ ਰਹਿਆ। ਪਰ ਹੁਣ ਦੋ ਜਿੰਦਗੀਆਂ ਦੇ ਕਥਿਤ ਆਰੋਪੀ ਤੇ ਪੁਲਿਸ ਨੂੰ ਕਾਰਵਾਈ ਕਰਨੀ ਹੀ ਪਈ ਅਤੇ ਹੁਣ ਇਹ ਲੁਕਦਾ ਫਿਰਦਾ ਹੈ। ਸਵਾਲ ਇਹ ਵੀ ਹੈ ਕਿ ਕਿਤੇ ਪੁਲਿਸ ਵਿਭਾਗ ਇਸ ਨੂੰ ਅਦਾਲਤ ਵਿਚ ਜਾ ਕੇ ਬਚਣ ਲਈ ਸਮਾਂ ਤਾਂ ਨਹੀੰ ਦੇ ਰਿਹਾ। ਇਸ ਤਰਾਂ ਦੇ ਹੋਰ ਵੀ ਸਵਾਲ ਹਨ, ਜਿਹਨਾਂ ਦਾ ਜਵਾਬ ਤਾੰ ਪੁਲਿਸ ਅਧਿਕਾਰੀ ਹੀ ਦੇ ਸਕਦੇ ਹਨ, ਪਰ ਇਸ ਮਾਮਲੇ ਵਿਚ ਦੇਖਣਾ ਹੋਵੇਗਾ ਕਿ ਪੁਲਿਸ ਇਸ ਨੂੰ ਗਿਰਫਤਾਰ ਕਰਨ ਵਿਚ ਸਫਲ ਹੁੰਦੀ ਹੈ ਜਾੰ ਫਿਰ ਮਾਮਲੇ ਨੂੰ ਲਟਕਾ ਦਿੱਤਾ ਜਾੰਦਾ ਹੈ?

LEAVE A REPLY

Please enter your comment!
Please enter your name here