ਦੀਪਾ ਕਤਲਕਾਂਡ ਦੇ 9 ਦੋਸ਼ੀਆਂ ਚੋ 4 ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਿਲਾ ਕਪੂਰਥਲਾ ਦੀ ਢਿਲਵਾਂ ਪੁਲਿਸ ਨੇ ਪਿੰਡ ਢਿਲਵਾਂ ਦੇ ਵਾਸੀ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ ਵਿਚ 9 ਦੋਸ਼ੀ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਵਿਚੋਂ ਚਾਰ ਨੂੰ ਗਿਰਫ਼ਤਾਰ  ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਰਮਨਿੰਦਰ ਸਿੰਘ ਦਿਉਲ ਐਸ.ਪੀ ਇਨਵੈਸਟੀਗੇਸ਼ਨ ਕਪੂਰਥਲਾ ਨੇ ਪੁਲਿਸ ਲਾਈਨ ਵਿਚ ਕਾਨਫਰੰਸ ਦੌਰਾਨ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੂੰ ਇਸ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਹਦਾਇਤਾਂ ਕੀਤੀਆਂ ਸਨ। ਜਿਸ ਤਹਿਤ ਉਨ੍ਹਾਂ ਦੀ ਨਿਗਰਾਨੀ ਹੇਠ ਡੀ.ਐਸ.ਪੀ. ਸਬ ਡਵੀਜ਼ਨ ਭਾਰਤ ਭੂਸ਼ਨ ਸੈਣੀ ਤੇ ਥਾਣਾ ਢਿਲਵਾਂ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ ਵਿਚ ਨਵਜੀਤ ਸਿੰਘ ਉਰਫ਼ ਗੋਰਾ, ਅਮਰੂਦੀਨ ਉਰਫ਼ ਅਮਰੂ, ਮਾਨਵ ਮਹਿਤਾ ਉਰਫ਼ ਮਾਨਵ, ਮਲਕੀਤ ਸਿੰਘ ਉਰਫ਼ ਹੈਪੀ, ਚਰਨਜੀਤ ਸਿੰਘ ਉਰਫ਼ ਰਾਜ, ਕੁਲਵਿੰਦਰ ਕੌਰ, ਰੋਹਿਤ ਉਰਫ਼ ਰੋਨੀ ਵਾਸੀਆਨ ਢਿਲਵਾਂ, ਸੁਖਵਿੰਦਰ ਸਿੰਘ ਉਰਫ਼ ਸ਼ੁਭਮ, ਸ਼ਰਨ ਉਰਫ਼ ਕੈਲਾ ਵਾਸੀਆਨ ਭੀਲਾ ਨੂੰ ਨਾਮਜ਼ਦ ਕਰਕੇ ਇਨ੍ਹਾਂ ਵਿਚੋਂ ਹਰਪ੍ਰੀਤ ਸਿੰਘ ਉਰਫ਼ ਹੈਪੀ, ਮਾਨਵ ਮਹਿਤਾ ਉਰਫ਼ ਮਾਨਵ, ਅਮਰੂਦੀਨ ਉਰਫ਼ ਅਮਰੂ ਤੇ ਨਵਜੀਤ ਸਿੰਘ ਉਰਫ਼ ਗੋਰਾ ਨੂੰ ਗਿਰਫ਼ਤਾਰ ਕਰ ਲਿਆ ਹੈ।

Advertisements

ਐਸ.ਪੀ. ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਢਿਲਵਾਂ ਨੇ ਥਾਣਾ ਢਿਲਵਾਂ ਪੁਲਿਸ ਕੋਲ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਹੈ ਤੇ ਉਸ ਦਾ ਪਿੰਡ ਦੇ ਹੀ ਲੜਕੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨਾਲ ਝਗੜਾ ਚੱਲਦਾ ਹੈ, ਜਿਸ ਕਰਕੇ ਉਸ ਦੇ ਲੜਕੇ ਖ਼ਿਲਾਫ਼ ਮੁਕੱਦਮੇ ਦਰਜ ਹਨ ਤੇ ਉਹ ਗਿਰਫਤਾਰੀ ਤੋਂ ਡਰਦਾ ਘਰ ਤੋਂ ਬਾਹਰ ਹੀ ਰਹਿੰਦਾ ਹੈ  ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਬੀਤੀ 19 ਸਤੰਬਰ ਨੂੰ  ਉਸ ਦਾ ਲੜਕਾ ਕਾਫ਼ੀ ਦਿਨਾਂ ਬਾਅਦ ਲਗਭਗ 5 ਵਜੇ ਘਰ ਆਇਆ ਤੇ ਨਸ਼ਾ ਕਰਨ ਦਾ ਆਦੀ ਹੋਣ ਕਰਕੇ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ।

ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਿੰਡ ਬੂਟਾਂ ਦੇ ਇਕ ਘਰੋਂ ਨਸ਼ਾ ਲੈ ਕੇ ਸੁਭਾਨਪੁਰ ਵੱਲ ਆ ਰਿਹਾ ਸੀ ਤਾਂ ਕਥਿਤ ਦੋਸ਼ੀ ਮਲਕੀਤ ਸਿੰਘ ਉਰਫ਼ ਹੈਪੀ ਤੇ ਉਸ ਦੀ ਘਰ ਵਾਲੀ ਚਰਨਜੀਤ ਸਿੰਘ ਉਰਫ਼ ਰਾਜ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਫ਼ੋਨ ਕਰਕੇ ਦੱਸਿਆ ਕਿ ਹਰਦੀਪ ਸਿੰਘ ਉਰਫ਼ ਦੀਪਾ ਨਸ਼ਾ ਲੈ ਕੇ ਬੂਟਾ ਪਿੰਡ ਤੋਂ ਬਾਹਰ ਨਿਕਲਿਆ ਹੈ। ਰਮਨਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਇਹ ਸੂਚਨਾ ਮਿਲਣ ‘ਤੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਆਪਣੇ ਸਾਥੀਆਂ ਸਮੇਤ ਸਕਾਰਪਿਓ ਗੱਡੀ ਲੈ ਕੇ ਨਿਕਲਿਆ ਤੇ ਉਸ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਫੇਟ ਮਾਰੀ ਤੇ ਉਹ ਹੇਠਾਂ ਡਿਗ ਪਿਆ ਤੇ ਭੱਜ ਕੇ ਝੋਨੇ ਦੇ ਖੇਤਾਂ ਵਿਚ ਜਾ ਵੜਿਆ।

ਇਸੇ ਦੌਰਾਨ ਹੀ ਹਰਪ੍ਰੀਤ ਸਿੰਘ ਹੈਪੀ ਤੇ ਉਸ ਦੇ ਸਾਥੀਆਂ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਲੱਭ ਕੇ ਸੜਕ ‘ਤੇ ਲਿਆ ਕੇ ਕਥਿਤ ਤੌਰ ‘ਤੇ ਉਸ ਦੇ ਸੱਟਾਂ ਮਾਰੀਆਂ ਤੇ ਬਾਅਦ ਵਿਚ ਆਪਣੀ ਮੋਟਰ ‘ਤੇ ਲਿਜਾ ਕੇ ਉਸ ਨੂੰ  ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਦੇ ਘਰ ਦੇ ਬਾਹਰ ਚੌਂਕ ਵਿਚ ਸੁੱਟ ਦਿੱਤਾ। ਪੁਲਿਸ ਵਲੋਂ ਗਿਰਫ਼ਤਾਰ ਕੀਤੇ ਚਾਰ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।  

LEAVE A REPLY

Please enter your comment!
Please enter your name here