ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਜਾਇਜ਼ ਕਬਜ਼ੇ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਨੇ ਲਗਾਈਆਂ ਅਧਿਕਾਰੀਆਂ ਦੀਆਂ ਡਿਊਟੀਆਂ

ਗੁਰਦਾਸਪੁਰ (ਦ ਸਟੈਲਰ ਨਿਊਜ਼): ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕੁਝ ਲੋਕਾਂ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਜਿਵੇਂ ਕਿ ਪੰਚਾਇਤੀ ਜ਼ਮੀਨਾਂ, ਸੜਕਾਂ, ਗਲੀਆਂ, ਰਾਜਬਾਹੇ, ਨਹਿਰੀ ਥਾਵਾਂ ਅਤੇ ਹੋਰ ਸਰਕਾਰੀ ਪ੍ਰਾਪਰਟੀ ‘ਤੇ ਕੀਤੇ ਜਾਂਦੇ ਨਜ਼ਾਇਜ ਕਬਜ਼ੇ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਇਨ੍ਹਾਂ ਨਜ਼ਾਇਜ ਕਬਜ਼ਿਆਂ ਨੂੰ ਤੁਰੰਤ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ਹਿਰੀ ਖੇਤਰਾਂ ਵਿੱਚ ਨਜ਼ਾਇਜ ਕਬਜ਼ੇ ਹਟਾਉਣ ਲਈ ਬਟਾਲਾ ਨਗਰ ਨਿਗਮ ਵਿੱਚ ਕਮਿਸ਼ਨਰ ਨਗਰ ਨਿਗਮ ਜਦਕਿ ਬਾਕੀ ਨਗਰ ਕੌਂਸਲਾਂ ਵਿੱਚ ਕਾਰਜ ਸਾਧਕ ਅਫ਼ਸਰ ਆਪਣੇ ਅਧਿਕਾਰ ਖੇਤਰ ਅਧੀਨ ਨਜਾਇਜ ਕਬਜ਼ੇ ਛੁਡਾਉਣੇ ਯਕੀਨੀ ਬਣਾਉਣਗੇ।

Advertisements

ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੇ ਦਫ਼ਤਰ ਵਿੱਚ ਨਗਰ ਨਿਗਮ, ਕੌਂਸਲ ਦੀ ਪ੍ਰਾਪਰਟੀ ਦਾ ਰਿਕਾਰਡ ਮੇਨਟੇਨ ਕਰਨ ਲਈ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ। ਇਹ ਨੋਡਲ ਅਫ਼ਸਰ ਇਹ ਵੀ ਧਿਆਨ ਰੱਖੇਗਾ ਕਿ ਸ਼ਹਿਰੀ ਖੇਤਰ ਵਿੱਚ ਕਿਸੇ ਵੀ ਸਰਕਾਰੀ ਜ਼ਮੀਨ ‘ਤੇ ਕਬਜ਼ਾ ਤਾਂ ਨਹੀਂ ਹੋ ਰਿਹਾ ਅਤੇ ਅਜਿਹੀ ਸਥਿਤੀ ਵਿੱਚ ਤੁਰੰਤ ਆਪਣੇ ਕਮਿਸ਼ਨਰ ਨਗਰ ਨਿਗਮ ਬਟਾਲਾ ਜਾਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂੰ ਦੱਸੇਗਾ ਤਾਂ ਜੋ ਤੁਰੰਤ ਸਬੰਧਤ ਉੱਪ ਮੰਡਲ ਮੈਜਿਸਟਰੇਟ ਰਾਹੀਂ ਉਹ ਕਬਜ਼ਾ ਛੁਡਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਨੋਡਲ ਅਫ਼ਸਰ ਉੱਕਤ ਪ੍ਰਾਪਰਟੀ ਦਾ ਰੈਵੀਨਿਊ ਰਿਕਾਰਡ ਵੀ ਮੇਨਟੇਨ ਕਰਨਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਣਗਿਹਲੀ ਦੀ ਸੂਰਤ ਵਿੱਚ ਸਬੰਧਤ ਨੋਡਲ ਅਫ਼ਸਰ ਅਤੇ ਕਮਿਸ਼ਨਰ ਨਗਰ ਨਿਗਮ/ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜਨਰਲ) ਗੁਰਦਾਸਪੁਰ ਵੱਲੋਂ ਇਸਦੀ ਨਿਗਰਾਨੀ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੇਂਡੂ ਖੇਤਰ ਵਿੱਚ ਨਜਾਇਜ ਕਬਜ਼ੇ ਛੁਡਾਉਣ ਲਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓਜ਼. ਪੰਚਾਇਤ ਵਾਈਜ਼ ਪੰਚਾਇਤੀ ਪ੍ਰਾਪਰਟੀ ਦਾ ਰਿਕਾਰਡ ਮੇਨਟੇਨ ਕਰਨ ਲਈ ਸਬੰਧਤ ਪੰਚਾਇਤ ਸਕੱਤਰ ਅਤੇ ਸਰਪੰਚ ਦੀ ਹੁਕਮਾਂ ਰਾਹੀਂ ਡਿਊਟੀ ਲਗਾਉਣਗੇ।

ਪੰਚਾਇਤ ਸਕੱਤਰ ਅਤੇ ਸਰਪੰਚ ਇਹ ਧਿਆਨ ਵੀ ਰੱਖਣਗੇ ਕਿ ਉਨ੍ਹਾਂ ਦੇ ਪਿੰਡ ਵਿੱਚ ਕਿਸੇ ਸਰਕਾਰੀ ਜ਼ਮੀਨ ‘ਤੇ ਕੋਈ ਨਜ਼ਾਇਜ ਕਬਜ਼ਾ ਤਾਂ ਨਹੀਂ ਹੋ ਰਿਹਾ ਅਤੇ ਅਜਿਹੀ ਸਥਿਤੀ ਵਿੱਚ ਤੁਰੰਤ ਆਪਣੇ ਬੀ.ਡੀ.ਪੀ.ਓ. ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਰਾਹੀਂ ਉਹ ਕਬਜ਼ਾ ਹਟਵਾਉਣਗੇ।ਇਸ ਤੋਂ ਇਲਾਵਾ ਪਿੰਡ ਦੇ ਪੰਚਾਇਤ ਸਕੱਤਰ ਵੱਲੋਂ ਉਕਤ ਪ੍ਰਾਪਰਟੀ ਦਾ ਰੈਵੀਨਿਊ ਰਿਕਾਰਡ ਵੀ ਮੇਨਟੇਨ ਕੀਤਾ ਜਾਵੇਗਾ ਅਤੇ ਕਿਸੇ ਵੀ ਅਣਗਿਹਲੀ ਸੂਰਤ ਵਿੱਚ ਸਬੰਧਤ ਪੰਚਾਇਤ ਸਕੱਤਰ ਅਤੇ ਪਿੰਡ ਦੇ ਸਰਪੰਚ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਪੇਂਡੂ ਖੇਤਰ ਵਿੱਚ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਜਿੰਮੇਵਾਰ ਹੋਣਗੇ।

LEAVE A REPLY

Please enter your comment!
Please enter your name here