ਹੁਸ਼ਿਆਰਪੁਰ (ਦ ਸਟੈਲਰ ਨਿਊਜ਼)ਸ ਸੰਦੀਪ ਡੋਗਰਾ/ਇੰਦਰਜੀਤ ਸਿੰਘ ਹੀਰਾ। ਹੁਸ਼ਿਆਰਪੁਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਉਦੋਂ ਜਨਾਜ਼ਾ ਨਿਕਲ ਗਿਆ ਜਦੋਂ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਜ਼ਿਲੇ ਦੇ ਇੱਕ ਸੀਨੀਅਰ ਅਕਾਲੀ ਆਗੂ ਨੂੰ ਉਨ੍ਹਾਂ ਦੀ ਪਿੰਡ ਵਿਚਲੀ ਦੁਕਾਨ ‘ਤੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ ਇਸ ਵਾਰਦਾਤ ਦੀ ਖ਼ਬਰ ਪੂਰੇ ਜ਼ਿਲੇ ਵਿੱਚ ਅੱਗ ਵਾਂਗ ਫੈਲ ਗਈ ਜਿਸ ਨਾਲ ਖਾਸ ਕਰਕੇ ਅਕਾਲੀ ਹਲਕਿਆਂ ਵਿੱਚ ਦੁੱਖ ਅਤੇ ਰੀਸ ਦੀ ਲਹਿਰ ਪੈਦਾ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਜਲੰਧਰ ਰੋਡ ਤੇ ਕਰੀਬ 15-20 ਕਿਲੋਮੀਟਰ ਦੂਰੀ ਤੇ ਪੈਂਦੇ ਪਿੰਡ ਮੇਗੋਵਾਲ ਗੰਜਿਆਂ ਵਿਖੇ ਵੀਰਵਾਰ ਦੇਰ ਸ਼ਾਮ ਸੀਨੀਅਰ ਅਕਾਲੀ ਨੇਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਹ ਘਟਨਾ ਦੇਰ ਸ਼ਾਮ ਉਨਾਂ ਦੇ ਪਿੰਡ ਵਿੱਚ ਹੀ ਵਾਪਰੀ ਹੈ। ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਘਾਤ ਲਾ ਕੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਉੱਪਰ ਚਾਰ ਗੋਲੀਆਂ ਦਾਗ ਦਿਤੀਆਂ ਜਿਨ੍ਹਾਂ ਵਿੱਚੋਂ ਤਿੰਨ ਉਹਨਾਂ ਦੇ ਸਰੀਰ ਵਿੱਚ ਲੱਗੀਆਂ ਹਨ।ਇਸ ਵਾਰਦਾਤ ਦੇ ਤੁਰੰਤ ਬਾਅਦ ਪਿੰਡ ਵਾਸੀਆਂ ਨੂੰ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।ਡੀ ਐਸ ਪੀ ਤਲਵਿੰਦਰ ਕੁਮਾਰ ਪੁਲਸ ਪਾਰਟੀ ਲੈਕੇ ਮੌਕੇ ਤੇ ਪਹੁੰਚ ਗਏ।ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਿਲੇ ਦੇ ਸਾਰੇ ਥਾਣਿਆਂ ਦੀ ਪੁਲਸ ਨੂੰ ਅਲਰਟ ਕਰ ਦਿੱਤਾ।
ਸ਼ਾਮ ਚੁਰਾਸੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸਨ ਅਣਖ਼ੀ :- ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਅਣਖ਼ੀ ਦੋ ਵਾਰ ਪਿੰਡ ਦੇ ਸਰਪੰਚ ਰਹੇ ਅਤੇ ਹੁਣ ਉਹਨਾਂ ਦੀ ਪਤਨੀ ਪਿੰਡ ਦੇ ਸਰਪੰਚ ਹਨ ਸੁਰਜੀਤ ਸਿੰਘ ਅਣਖ਼ੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸ਼ਾਮ ਚੁਰਾਸੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਵਰਿੰਦਰ ਸਿੰਘ ਬਾਜਵਾ ਉਦੋਂ ਦੇ ਰਾਜ ਸਭਾ ਮੇਂਬਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕਰਵਾਇਆ ਸੁਰਜੀਤ ਸਿੰਘ ਅਣਖ਼ੀ ਹਲਕੇ ਵਿੱਚ ਬਹੁਤ ਹੀ ਹਰਮਨ ਪਿਆਰੀ ਸਖਸ਼ੀਅਤ ਸਨ ਅਤੇ ਮਿਲਣਸਾਰ ਸੁਭਾਅ ਦੇ ਮਾਲਿਕ ਸਨ
ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ ਹੈ ਪ੍ਰਤੱਖ ਦਰਸ਼ੀਆਂ ਮੁਤਾਬਿਕ ਸੁਰਜੀਤ ਸਿੰਘ ਅਣਖੀ ਆਪਣੇ ਹੀ ਘਰ ਦੇ ਬਾਹਰਲੇ ਪਾਸੇ ਬਣਾਈ ਕਰਿਆਨੇ ਦੁਕਾਨ ਤੇ ਬੈਠੇ ਪਿੰਡ ਵਾਸੀਆਂ ਅਤੇ ਪਿੰਡ ਦੇ ਇਕ ਪੰਚ ਨਾਲ ਹੀ ਗੱਲਾਂ ਕਰਨ ਵਿੱਚ ਮਗਨ ਸਨ ਕਿ ਅਚਾਨਕ ਆਏ ਦੋ ਮੋਟਰਸਾਈਕਲਾਂ ਤੇ ਸਵਾਰ ਹਮਲਾਵਰਾਂ ਨੇ ਆਉਂਦਿਆਂ ਹੀ ਓਹਨਾ ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ ਜਿਹਨਾਂ ਵਿੱਚੋ ਓਹਨਾ ਦੇ ਸਰੀਰ ਤੇ ਤਿੰਨ ਗੋਲੀਆਂ ਲੱਗੀਆਂ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਜਰਨੈਲੀ ਸੜਕ ਵੱਲ ਨੂੰ ਫ਼ਰਾਰ ਹੋ ਗਏ। ਡੀ ਐਸ ਪੀ ਤਲਵਿੰਦਰ ਕੁਮਾਰ ਨੇ ਕਿਹਾ ਕਿ ਪੁਲਸ ਵਲੋ ਅਲੱਗ ਅਲਗ ਕੇਂਦਰ ਬਿੰਦੂਆਂ ਤੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।