ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ਗ਼ਦਰ ਲਹਿਰ ’ਤੇ ਭਾਵਪੂਰਤ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਤਹਿਤ ‘ਗ਼ਦਰ ਲਹਿਰ ਦੀ ਵਿਚਾਰਧਾਰਾ : ਸਮਕਾਲੀ ਪ੍ਰਸੰਗਿਕਤਾ’ ਵਿਸ਼ੇ ’ਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਗੁਰੂ ਨਾਨਕ ਐਜੂਕੇਸ਼ਨ ਕੰਪਲੈਕਸ ਡੱਲੇਵਾਲ ਵਿਖੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਨੇ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ।  ਸਮਾਗਮ ਦਾ ਆਗਾਜ਼ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵਲੋਂ ਪੇਸ਼ ਸ਼ਬਦ ਅਤੇ ਸ਼ਮ੍ਹਾਂ ਰੋਸ਼ਨ ਨਾਲ ਹੋਇਆ। ਵਿਦਿਆਰਥੀਆਂ ਵਲੋਂ ਪੇਸ਼ ਲੋਕ-ਗੀਤ, ਕਵੀਸ਼ਰੀ, ਭੰਡ, ਸਕਿੱਟਾਂ, ਭੰਗੜਾ ਅਤੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਲੋਂ ਕ੍ਰਾਂਤੀਕਾਰੀ ਰੰਗ ਵਿਚ ਰੰਗੀ ਕੋਰੀਓਗ੍ਰਾਫੀ ਨੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ।

Advertisements

ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀਆਂ ਵਲੋਂ ਲਗਾਈ ਗਈ ਦੀਵਾ ਵਰਕਸ਼ਾਪ ਖਿੱਚ ਦਾ ਕੇਂਦਰ ਰਹੀ।  ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਵਿਧਾਇਕ ਡਾ. ਰਵਜੋਤ ਸਿੰਘ ਨੇ ਸਪੈਸ਼ਲ ਵਿਦਿਆਰਥੀ ਤੋਂ ਰੀਬਨ ਕਟਵਾ ਕੇ ਕੀਤਾ ਤੇ ਭਾਸ਼ਾ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਰਾਹਨਾ ਕੀਤੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਲੋਂ ਡਾ. ਜਸਵੰਤ ਰਾਏ ਖੋਜ ਅਫ਼ਸਰ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਾਸਤੇ ਕੀਤੇ ਜਾ ਰਹੇ ਤਰੱਦਦ ਲਈ ਵਧਾਈ ਦਿੰਦਿਆਂ ਮਾਂ ਬੋਲੀ ਦੇ ਸੱਚੇ ਸਪੂਤ ਬਣ ਕੇ ਬਣਦਾ ਮਾਣ ਦੇਣ ਲਈ ਦਰਸ਼ਕਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮਾਂ ਬੋਲੀ ਸਭਿਆਚਾਰ ਦੀ ਜੜ੍ਹ ਹੈ।  ਗ਼ਦਰ ਲਹਿਰ ਦੀ ਵਿਚਾਰਧਾਰਾ ’ਤੇ ਮੁਖ ਬੁਲਾਰੇ ਸੀਤਾ ਰਾਮ ਬਾਂਸਲ ਨੇ ਵਿਸਥਾਰ ਸਹਿਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਦੀ ਧਰਤੀ ਗ਼ਦਰੀਆਂ ਅਤੇ ਬੱਬਰਾਂ ਦੀ ਜਨਮ ਭੂਮੀ ਹੈ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਇਨ੍ਹਾਂ ਗ਼ਦਰੀਆਂ ਅਤੇ ਬੱਬਰਾਂ ਦੀ ਹੀ ਪੈਦਾਇਸ਼ ਹੈ। ਉਨ੍ਹਾਂ ਸਮੱੁਚੀ ਲਹਿਰ ਨੂੰ ਸਮਕਾਲ ਨਾਲ ਜੋੜ ਕੇ ਵਿਚਾਰ ਪੇਸ਼ ਕਰਦਿਆਂ ਦਰਸ਼ਕਾਂ ਨੂੰ ਕੀਲ ਲਿਆ।  ਇਸ ਮੌਕੇ ਤਿੰਨ ਪੁਸਤਕਾਂ ਵੀ ਲੋਕ-ਅਰਪਣ ਕੀਤੀਆਂ ਗਈਆਂ।

ਵੱਖ-ਵੱਖ ਸਕੂਲਾਂ ਕਾਲਜਾਂ ਤੋਂ ਆਪਣੇ ਅਧਿਆਪਕਾਂ ਨਾਲ ਆਏ ਹੋਏ ਵਿਦਿਆਰਥੀਆਂ ਨੇ ਪੁਸਤਕ ਪ੍ਰਦਰਸ਼ਨੀ ’ਚੋਂ ਪੁਸਤਕਾਂ ਖਰੀਦ ਕੇ ਲਾਹਾ ਲਿਆ। ਭਾਸ਼ਾ ਵਿਭਾਗ ਵਲੋਂ ਆਏ ਹੋਏ ਮਹਿਮਾਨਾਂ, ਪਤਵੰਤਿਆਂ, ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ ਧੀਰਜ ਸ਼ਰਮਾ, ਪੰਜਾਬੀ ਵਿਕਾਸ ਮੰਚ ਦੇ ਅਹੁਦੇਦਾਰਾਂ ਦਾ ਮਹਾਨ ਕੋਸ਼, ਡਾ. ਰੰਧਾਵਾ ਵਾਲੀ ਪੰਜਾਬ ਕਿਤਾਬ, ਯਾਦਗਾਰੀ ਚਿੰਨ੍ਹਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਸਟੇਜ ’ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਪ੍ਰਮਾਣ ਪੱਤਰਾਂ ਅਤੇ ਕਿਤਾਬਾਂ ਦੇ ਸੈਟਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਅਤੇ ਰੋਮੀ ਦੇਵਗੁਣ ਨੇ ਸਾਂਝੇ ਤੌਰ ’ਤੇ ਚਲਾਈ। ਆਏ ਹੋਏ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਲਈ ਧੰਨਵਾਦੀ ਸ਼ਬਦ ਪ੍ਰਿੰਸੀਪਲ ਧੀਰਜ ਸ਼ਰਮਾ ਨੇ ਆਖੇ।  ਇਸ ਮੌਕੇ ਵਰਿੰਦਰ ਨਿਮਾਣਾ, ਹਰਮੇਲ ਸਿੰਘ ਖੱਖ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਰਜਿੰਦਰ ਮਾਰਸ਼ਲ, ਡਾ. ਜਸਪਾਲ ਸਿੰਘ, ਪ੍ਰੋ. ਗੁਰਪਿੰਦਰ ਸਿੰਘ, ਸਰਬਜੀਤ ਕੰਗ, ਡਾ. ਅਰਵਿੰਦ ਸਿੰਘ ਧੂਤ, ਪ੍ਰਿੰਸੀਪਲ ਧਰਮਪਾਲ ਸਾਹਿਲ, ਪ੍ਰਿੰਸੀਪਲ ਅਰਚਨਾ ਅਗਰਵਾਲ, ਕੁੰਦਨ ਸਿੰਘ ਕਾਲਕਟ, ਜੁਗਲ ਕਿਸ਼ੋਰ, ਪਵਨ ਕੁਮਾਰ, ਪ੍ਰੋ. ਨੀਲਮ, ਪ੍ਰੋ. ਪ੍ਰਿਆ, ਪ੍ਰੋ. ਅਮਨਦੀਪ ਕੌਰ, ਪ੍ਰੋ. ਅਮਨ, ਪ੍ਰੋ ਅਰੁਣ, ਪ੍ਰੋ. ਮੰਜੂ, ਪੁਸਤਕ ਪ੍ਰਕਾਸ਼ਕ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

LEAVE A REPLY

Please enter your comment!
Please enter your name here