ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਨੂੰ ਰਾਸ਼ਟਰੀ ਬੈਡਮਿੰਟਨ ਖੇਡਾਂ ਵਿੱਚ ਮੈਡਲ ਦਿਵਾਉਣ ਵਾਲੀ ਅਦਿੱਤੀ ਕਾਸ਼ਨੀਆਂ ਨੂੰ ਕੀਤਾ ਸਨਮਾਨਿਤ

ਅਬੋਹਰ/ਫਾਜ਼ਿਲਕਾ (ਦ ਸਟੈਲਰ ਨਿਊਜ਼)। ਸ਼ਟਲਰ ਬੈਡਮਿੰਟਨ ਅਕੈਡਮੀ ਅਬੋਹਰ ਦੀ ਖਿਡਾਰਨ ਅਦਿੱਤੀ ਕਾਸ਼ਨੀਆਂ ਨੇ ਗੋਆ ਵਿਖੇ ਰਾਸ਼ਟਰੀ ਪੱਧਰ ਦੇ ਸੀਨੀਅਰ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ 22 ਸਾਲਾਂ ਬਾਅਦ  ਉਹ ਮਾਣ ਵੀ ਜਿੱਤਿਆ ਹੈ ਜਿਹੜਾ ਇੰਨੇ ਸਾਲਾਂ ਵਿੱਚ ਕਿਸੇ ਨੂੰ ਨਹੀਂ ਮਿਲ ਸਕਿਆ।

Advertisements

ਜਾਣਕਾਰੀ ਅਨੁਸਾਰ ਅਬੋਹਰ ਦੇ ਠਾਕਰ ਆਬਾਦੀ ਰੋੜ ਸਥਿਤ ਸ਼ਹੀਦ ਏ ਆਜ਼ਮ ਭਗਤ ਸਿੰਘ ਮਿਉਂਸੀਪਲ ਸਟੇਡੀਅਮ ਅਜੀਮਗੜ ਵਿਖੇ ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਵੱਲੋਂ ਬੱਚਿਆਂ ਨੂੰ ਬੈਡਮਿੰਟਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿੱਥੇ ਬੱਚੇ ਹਰ ਰੋਜ਼ ਪ੍ਰੈਕਟਿਸ ਕਰਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਯਤਨਸ਼ੀਲ ਹਨ। ਇੱਥੇ ਪ੍ਰੈਕਟਿਸ ਕਰਨ ਵਾਲੀ ਅਦਿੱਤੀ ਕਾਸ਼ਨੀਆਂ ਪੁੱਤਰੀ ਡਾ. ਵਿਜੇ ਕਾਸਨੀਆ ਨੇ ਗੋਆ ਵਿੱਚ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਵਿਚ ਖੇਡਦਿਆਂ ਮੈਡਲ ਪ੍ਰਾਪਤ ਕਰਕੇ ਨਾਮਣਾ ਖੱਟਿਆ। ਦੱਸਣਯੋਗ ਹੈ ਕਿ ਅਦਿੱਤੀ ਫ਼ਾਜ਼ਿਲਕਾ ਜਿਲ੍ਹੇ ਦੀ ਇੱਕੋ ਇੱਕ ਖਿਡਾਰਨ ਸੀ ਤੇ ਪੰਜਾਬ ਟੀਮ ਵਿਚ 6 ਖਿਡਾਰਨਾਂ ਸਨ। ਪੰਜਾਬ ਦੀ ਟੀਮ ਨੂੰ 22 ਸਾਲ ਬਾਅਦ ਰਾਸ਼ਟਰੀ ਖੇਡਾਂ ਵਿਚ ਇਹ ਮੈਡਲ ਮਿਲਿਆ ਹੈ।

ਬੀਤੇ ਦਿਨੀ ਹੋਏ ਇੱਕ ਸਮਾਗਮ ਦੌਰਾਨ ਅਦਿੱਤੀ ਕਾਸਣੀਆਂ ਨੂੰ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ,ਐਸਡੀਐਮ ਰਵਿੰਦਰ ਸਿੰਘ ਅਰੋੜਾ ਤੇ ਹੋਰ ਆਏ ਹੋਏ ਮਹਿਮਾਨਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਅਦਿੱਤੀ ਕਾਸਨੀਆ ਨੇ ਕਿਹਾ ਕਿ ਉਹਨਾਂ ਦੇ ਮਾਪਿਆਂ ਦੀ ਹੱਲਾਸ਼ੇਰੀ ਤੇ ਕੋਚਾਂ ਵੱਲੋਂ ਦਿਖਾਏ ਗਏ ਰਾਹ ਤੇ ਚੱਲ ਕੇ ਉਹ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਦਿੱਤੀ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਤੇ ਹੋਰ ਬੱਚਿਆਂ ਨੂੰ ਅਦਿੱਤੀ ਤੋਂ ਪ੍ਰੇਰਨਾ ਲੈਣ ਲਈ ਵੀ ਕਿਹਾ।

 ਅਕੈਡਮੀ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਢਿੱਲੋਂ ਤੇ ਡਾ.ਅਮਨਦੀਪ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਅਕੈਡਮੀ ਦੀ ਖਿਡਾਰਨ ਅਦਿੱਤੀ ਨੇ ਰਾਸ਼ਟਰੀ ਪੱਧਰ ਤੇ ਇਹ ਮੱਲ ਮਾਰ ਕੇ ਅਬੋਹਰ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਡਾ.ਰਕੇਸ਼ ਸਹਿਗਲ ਵੱਲੋਂ ਵੀ ਅਦਿੱਤੀ ਸਮੇਤ ਹੋਰ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸਹਿਗਲ ਨੇ ਹਾਜ਼ਰ ਖਿਡਾਰੀਆਂ ਨੂੰ ਇਮਾਨਦਾਰੀ ਨਾਲ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਆ।

LEAVE A REPLY

Please enter your comment!
Please enter your name here