ਜੌੜਾਮਾਜਰਾ ਨੇ ਸ਼ਹੀਦ ਜਵਾਨ ਪ੍ਰਦੀਪ ਸਿੰਘ ਦੀ ਯਾਦ ‘ਚ ਟਿੱਲਾ ਬਾਬਾ ਅਮਰਦਾਸ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਰੱਖਿਆ

ਸਮਾਣਾ, (ਦ ਸਟੈਲਰ ਨਿਊਜ਼)। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਸ਼ਮੀਰ ਦੇ ਅਨੰਤਨਾਗ ਵਿਖੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਬੱਲਮਗੜ੍ਹ ਨਿਵਾਸੀ ਸੈਨਿਕ ਪ੍ਰਦੀਪ ਸਿੰਘ ਦੀ ਯਾਦ ਵਿੱਚ 19.5 ਲੱਖ ਰੁਪਏ ਨਾਲ ਬਨਣ ਵਾਲੇ ਕਮਿਉਨਿਟੀ ਹਾਲ ਅਤੇ ਟਿੱਲਾ ਬਾਬਾ ਅਮਰ ਦਾਸ ਡੇਰੇ ਨੂੰ ਜਾਂਦੀ ਸੜਕ 32 ਲੱਖ ਰੁਪਏ ਦੀ ਲਾਗਤ ਨਾਲ ਪੱਕੀ ਕਰਨ ਦਾ ਅੱਜ ਨੀਂਹ ਪੱਥਰ ਰੱਖਿਆ। ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪ੍ਰਦੀਪ ਸਿੰਘ ਦੀ ਯਾਦ ਵਿੱਚ ਵੱਖ-ਵੱਖ ਕਾਰਜਾਂ ‘ਤੇ ਇੱਕ ਕਰੋੜ ਰੁਪਏ ਖਰਚ ਕਰ ਰਹੀ ਹੈ।ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਇਸ ਪਿੰਡ ਵਿਖੇ ਆਕੇ ਸ਼ਹੀਦ ਦੀ ਪਤਨੀ ਸੀਮਾ ਰਾਣੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਕੇ ਗਏ ਸਨ ਤੇ ਦੇਸ਼ ਲਈ ਇਸ ਸੂਰਬੀਰ ਵੱਲੋਂ ਕੀਤੀ ਬੇਮਿਸਾਲ ਕੁਰਬਾਨੀ ਦੇ ਸਨਮਾਨ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਵੀ ਪਰਿਵਾਰ ਨੂੰ ਸੌਪਿਆ ਸੀ।

Advertisements

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਾਤ ਭੂਮੀ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਅਪਣੀ ਦ੍ਰਿੜ ਵਚਨਬੱਧਤਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦਾਂ ਦਾ ਸਦਾ ਰਿਣੀ ਰਹੇਗਾ, ਜਿਨ੍ਹਾਂ ਨੇ ਦੇਸ਼ ਅਤੇ ਇਸ ਦੇ ਲੋਕਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਨਾਮ ਸਮੇਤ ਪਬਲਿਕ ਕਾਲਜ ਸਮਾਣਾ ਵਿਖੇ ਨਵੇਂ ਬਣਾਏ ਜਾਣ ਵਾਲੇ ਬਲਾਕ ਦਾ ਨਾਮ ਸ਼ਹੀਦ ਦੇ ਨਾਂ ‘ਤੇ ਰੱਖਿਆ ਜਾ ਰਿਹਾ ਹੈ।

ਸ਼ਹੀਦ ਦੇ ਨਾਂ ‘ਤੇ 16 ਲੱਖ ਰੁਪਏ ਨਾਲ ਲਾਇਬ੍ਰੇਰੀ ਤੇ 18 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਤੋਂ ਬਿਨਾਂ ਭਵਾਨੀਗੜ੍ਹ-ਕੁਲਾਰਾ-ਬੱਲਮਗੜ੍ਹ ਰੋਡ ਦਾ ਨਾਂ ਵੀ ਸ਼ਹੀਦ ਦੇ ਨਾਂ ‘ਤੇ ਰੱਖਿਆ ਜਾਵੇਗਾ ਅਤੇ 10 ਲੱਖ ਰੁਪਏ ਨਾਲ ਭਵਾਨੀਗੜ੍ਹ ਰੋਡ ‘ਤੇ ਯਾਦਗਰੀ ਗੇਟ ਦੀ ਉਸਾਰੀ ਕਰਵਾਈ ਜਾਵੇਗੀ ਤੇ 4 ਲੱਖ ਰੁਪਏ ਦੀ ਲਾਗਤ ਨਾਲ ਸਮਸ਼ਾਨਘਾਟ ਪੱਕਾ ਕਰਨ ਦਾ ਕੰਮ ਹੋਵੇਗਾ। ਜਿਕਰਯੋਗ ਹੈ ਕਿ 19 ਆਰ.ਆਰ. ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਪ੍ਰਦੀਪ ਸਿੰਘ ਅਨੰਤਨਾਗ (ਜੰਮੂ-ਕਸ਼ਮੀਰ) ਵਿਖੇ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਮਿਤੀ 13 ਸਤੰਬਰ 2023 ਨੂੰ ਸ਼ਹੀਦੀ ਪਾ ਗਿਆ ਸੀ।

ਇਸੇ ਦੌਰਾਨ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸਪੱਖੀ ਸੋਚ ਨੂੰ ਅੱਗੇ ਵਧਾਉਦੇ ਹੋਏ ਹਲਕਾ ਸਮਾਣਾ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਬਿਜਲਪੁਰ ਨੂੰ ਓਪਨ ਜਿਮ ਲਈ 1.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਅਤੇ ਇਸ ਦੇ ਨਾਲ਼ ਹੀ ਪਿੰਡ ਚੁਪਕੀ ਵਿਖੇ ਸਰਕਾਰੀ ਸਕੂਲ ਦੀ ਇਮਾਰਤ ਲਈ 10 ਲੱਖ ਦੀ ਗਰਾਂਟ ਦਾ ਚੈਕ ਪਿੰਡ ਵਾਸੀਆਂ ਨੂੰ ਸੌੰਪਿਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਉਪਰ ਤੇ ਲੋਕਾਂ ਦੀ ਸੇਵਾ ਵਿੱਚ ਹੀ ਲੱਗੇ। ਇਸ ਮੌਕੇ ਗੁਲਜਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਸ਼ਹੀਦ ਦੀ ਪਤਨੀ ਸੀਮਾ ਰਾਣੀ, ਪਿਤਾ ਦਰਸ਼ਨ ਸਿੰਘ ਤੇ ਭਰਾ ਕੁਲਦੀਪ ਸਿੰਘ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਬੀਡੀਪੀਓ ਅਜੈਬ ਸਿੰਘ, ਸੁਰਜੀਤ ਸਿੰਘ ਦਹੀਆ, ਸਰਪੰਚ ਨੇਕ ਸਿੰਘ, ਰਾਜਬੀਰ ਸਿੰਘ ਬਲਮਗੜ੍ਹ, ਪਰਵਿੰਦਰ ਸਿੰਘ, ਜੁਗਰਾਜ ਸਿੰਘ, ਕਾਲਾ ਬਲਮਗੜ੍ਹ ਸਮੇਤ ਪਿੰਡ ਦੇ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here