ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਰੈਣ ਬਸੇਰਿਆਂ ਦਾ ਜਾਇਜ਼ਾ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੀਤੀ ਰਾਤ ਇੱਥੇ ਖੰਡਾ ਚੌਂਕ ਅਤੇ ਮੰਦਿਰ ਸ੍ਰੀ ਕਾਲੀ ਦੇਵੀ ਨੇੜੇ ਬਣੇ ਆਰਜੀ ਰੈਣ ਬਸੇਰਿਆਂ ਦਾ ਜਾਇਜ਼ਾ ਲਿਆ ਅਤੇ ਠੰਢ ਦੇ ਮੌਸਮ ‘ਚ ਇੱਥੇ ਰਾਤ ਕੱਟ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਇੱਥੇ ਮਿਲ ਰਹੀਆਂ ਸਹੂਲਤਾਂ ਬਾਬਤ ਵੀ ਜਾਣਿਆ। ਕੋਹਲੀ ਨੇ ਇਨ੍ਹਾਂ ਲੋਕਾਂ ਨੂੰ ਕੰਬਲ ਤੇ ਗਰਮ ਲੋਈਆਂ ਤੇ ਸ਼ਾਲ ਵੀ ਤਕਸੀਮ ਕੀਤੇ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ।

Advertisements

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ, ਲੋਕਾਂ ਦੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੱਕ ਅਹਿਮ ਉਪਰਾਲਾ ਕਰਕੇ ਬੇਘਰਿਆਂ, ਸੜਕਾਂ ‘ਤੇ ਸੌਣ ਵਾਲੇ ਲੋੜਵੰਦਾਂ ਤੇ ਹੋਰਨਾਂ ਸ਼ਹਿਰਾਂ ਤੋਂ ਇੱਥੇ ਕਿਸੇ ਕੰਮ ਕਾਰ ਲਈ ਆਏ ਤੇ ਕਿਸੇ ਕਾਰਨ ਵਾਪਸ ਨਾ ਜਾ ਸਕਣ ਵਾਲੇ ਲੋਕਾਂ ਦੇ ਰਾਤ ਕੱਟਣ ਲਈ ਰੈਣ ਬਸੇਰਿਆਂ ਲਈ ਵਿਸ਼ੇਸ਼ ਇੰਤਜਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਉਨ੍ਹਾਂ ਨੇ ਇਨ੍ਹਾਂ ਰੈਣ ਬਸੇਰਿਆਂ ਦਾ ਜਾਇਜ਼ਾ ਲਿਆ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਨਗਰ ਨਿਗਮ ਵੱਲੋਂ ਇੱਥੇ ਸਾਰੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।

ਵਿਧਾਇਕ ਕੋਹਲੀ ਨੇ ਦੱਸਿਆ ਕਿ ਪਟਿਆਲਾ ਵਿਖੇ ਨਗਰ ਨਿਗਮ ਵੱਲੋਂ ਦੋ ਸਥਾਈ ਰੈਣ ਬਸੇਰੇ, ਮੰਦਿਰ ਸ੍ਰੀ ਕਾਲੀ ਦੇਵੀ ਦੇ ਪਿਛਲੇ ਪਾਸੇ ਅਤੇ ਨਹਿਰੂ ਪਾਰਕ ਨੇੜੇ ਪਰਸ਼ੂਰਾਮ ਚੌਂਕ ਤੋਂ ਬਿਨ੍ਹਾਂ ਤਿੰਨ ਆਰਜੀ ਰੈਣ ਬਸੇਰੇ, ਖੰਡਾ ਚੌਂਕ, ਕਾਲੀ ਦੇਵੀ ਮੰਦਿਰ ਦੇ ਸਾਹਮਣੇ ਅਤੇ ਰੇਲਵੇ ਸਟੇਸ਼ਨ ਫਲਾਈਓਵਰ ਦੇ ਥੱਲੇ ਸਥਾਪਤ ਕੀਤੇ ਗਏ ਹਨ ਜੋਕਿ ਮਰਦਾਂ ਤੇ ਔਰਤਾਂ ਲਈ ਵੱਖੋ-ਵੱਖਰੇ ਰੈਣ ਬਸੇਰੇ ਹਨ।

ਅਜੀਤ ਪਾਲ ਸਿੰਘ ਕੋਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਅਜਿਹੇ ਬੇਘਰੇ ਲੋਕਾਂ ਨੂੰ ਇਨ੍ਹਾਂ ਰੈਣ ਬਸੇਰਿਆਂ ਵਿਖੇ ਭੇਜਿਆ ਜਾਵੇ ਤਾਂ ਕਿ ਇਹ ਲੋਕ ਠੰਢ ਦੇ ਮੌਸਮ ‘ਚ ਰਾਤਾਂ ਬਾਹਰ ਖੁੱਲੇ ਅਸਮਾਨ ਹੇਠਾਂ ਨਾ ਗੁਜਾਰਨ। ਇਸ ਮੌਕੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਜੇ.ਪੀ. ਸਿੰਘ, ਅਮਿਤ ਮਿੱਤਲ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here