ਯਾਦਾਂ ਦੀ ਗੱਠੜੀ ਬੰਨ ਕੇ ਹੁਣ, ਵੀਹ ਸੌ ਤੇਈ ਹੈ ਚੱਲਿਆ….

ਯਾਦਾਂ ਦੀ, ਗੱਠੜੀ ਬੰਨ ਕੇ ਹੁਣ ,ਵੀਹ ਸੌ ਤੇਈ ਹੈ ਚੱਲਿਆ

Advertisements

ਇਸ ਦੀਆਂ ਘਟਨਾਵਾਂ ਨੇ ,ਸਾਡੇ ਜ਼ਿਹਨ ‘ਚ ਥਾਂ ਅਜੇ ਮੱਲਿਆ

ਬੇਇਨਸਾਫ਼ੀ, ਜ਼ੁਲਮ ,ਤਸ਼ੱਦਦ ,ਤਨ ਮਨ ਉੱਤੇ ਝੱਲਿਆ

ਵੀਹ ਸੌ ਤੇਈ ਵਿੱਚ, ਤੁਸੀ ਵੀ ਕਿਹੜਾ, ਸੁੱਖ ਸੁਨੇਹਾ ਘੱਲਿਆ

ਮਣੀਪੁਰ ਦੀਆਂ. ਘਟਨਾਵਾਂ ਵਾਲੇ , ਅਜੇ ਵੀ ਜ਼ਖ਼ਮ ਨੇ ਅੱਲੇ

ਚਰਚਾ ਛਿੜੀ ਰਹੀ,ਉਸ ਦੁਖਾਂਤ ਦੀ , ਹਰ ਘਰ ਗਲੀ ਮੁਹੱਲੇ

ਮੋਦੀ ਸਾਹਿਬ ਜੀ ,ਹੁਣ ਕੀ ਰਹਿ ਗਿਆ ,ਆਮ ਲੋਕਾਂ ਦੇ ਪੱਲੇ

ਉਹ ਵਿਚਾਰੇ ਤਾਂ , ਸਹਿਕ ਰਹੇ ਹਨ ,ਟੈਕਸਾਂ ਦੇ ਬੋਝ ਥੱਲੇ

ਭਾਜਪਾ ਦੀ, ਬਰਮੀ ‘ਚੋਂ ਨਿਕਲਿਆ, ਮਹਿੰਗਾਈ ਦਾ ਸੱਪ

ਔਖਾ ਹੋ ਗਿਆ,ਗ਼ਰੀਬ ਲਈ ਪੀਣਾ , ਚਾਹ ਦਾ ਵੀ ਇੱਕ ਕੱਪ

ਕੀਮਤਾਂ ਵਿੱਚ, ਉਛਾਲ ਆਉਂਦਾ ਤਾਂ, ਲੋਕ ਨੇ ਪਾਉਂਦੇ ਖੱਪ

ਮੁਜ਼ਾਹਰੇ ਕਰਨ , ਉਹ ਜਾਂਦੇ , ਬੈਰੀਕੇਡ ਨਹੀ ਸਕਦੇ ਟੱਪ

ਗ਼ਲਤ ਮਲਤ, ਜੋ ਹੋ ਰਿਹਾ ,ਉਸ ਨੂੰ ਕੋਈ ਨਹੀ ਸਕਿਆ ਰੋਕ

ਵਿਦਰੋਹ ਕਰਨ ,ਵਾਲਿਆਂ ਨੂੰ ਹਨ , ਹਾਕਮ ਦਿੰਦੇ ਠੋਕ

ਵੋਟਾਂ ਵੇਚਣ, ਖਰੀਦਣ ਵਾਲੇ, ਬਹੁਤ ਨੇ ਏਥੇ ਲੋਕ

ਗ਼ਰੀਬਾਂ ਨੂੰ, ਉਹ ਚੋਣਾ ਦੀ , ਭੱਠੀ ਵਿੱਚ ਦਿੰਦੇ ਝੋਕ

ਭਗਵੰਤ ਮਾਨ ਤੇ ਗਵਰਨਰ ਸਾਹਿਬ ਦਾ, ਪਿਆ ਹੀ ਰਿਹਾ ਪੰਗਾ

ਉੱਪਰ ਵਾਲੇ , ਵਗਾਉਣ ਤੁਰੇ ਸੀ, ਪੰਜਾਬ ‘ਚ ਉਲਟੀ ਗੰਗਾ

ਨਾ ਕਰੋ ,ਨਾ ਹੀ ਹੋਣ ਦਿਓ ,ਮੁਲਕ ‘ਚ ਕਿਤੇ ਵੀ ਦੰਗਾ

ਭਾਜਪਾ ਦਾ ,ਮਣੀਪੁਰ ਵਿੱਚ ,ਚਿਹਰਾ ਹੋ ਗਿਆ ਨੰਗਾ

ਅਕਾਲੀਆਂ , ਭਾਜਪਾਈਆਂ ਦਾ ,ਕਹਿੰਦੇ ਫਿਰ ਹੋ ਸਕਦਾ ਮੇਲ

ਮਦਾਰੀਆਂ ਨੇ ਤਾਂ, ਖੇਲਣਾ ਹੀ ਹੁੰਦਾ , ਬਦਲ ਬਦਲ ਕੇ ਖੇਲ

ਲੱਗਦਾ ਹੈ , ਇਸ ਮੁਲਕ ਦਾ ਤਾਂ , ਸਿਸਟਮ ਹੋ ਗਿਆ ਫੇਲ਼

ਭਾਜਪਾ ਨੇ ,ਕਿਉਂ ਕਰ ਦਿੱਤਾ , ਇਸ ਮੁਲਕ ਦਾ ਕਈ ਕੁਝ ਸੇਲ

ਜਿੱਧਰ ਵੇਖੋ ,ਚਾਰ ਚੁਫੇਰੇ ,ਤੁਰੇ ਨੇ ਫਿਰਦੇ ਦੱਲੇ

ਚੈਨਲਾਂ ਵਾਲੇ , ਕਰਦੇ ਰਹਿੰਦੇ,ਫੋਕੀ ਬੱਲੇ – ਬੱਲੇ

ਮਨਪ੍ਰੀਤ ਬਾਦਲ, ਦੱਲ ਬਦਲੂ ਹੈ, ਕਿਹੜੀ ਕਿਸਮ ਦਾ ਬੰਦਾ

ਸਿਆਸਤ ਨੂੰ, ਬਣਾ ਲਿਆ ਹੈ , ਜਿਸ ਨੇ ਗੋਰਖ ਧੰਦਾ

ਹੜ੍ਹਾਂ ਦੀ ਮਾਰ ਨੇ , ਕੀਤੇ ਏਥੇ , ਕੱਖੋੰ ਹੌਲੇ ਕਿਸਾਨ

ਹੱਦੋੰ ਵੱਧ ਹੀ , ਹੋ ਗਿਆ ਏਥੇ , ਉਨ੍ਹਾਂ ਦਾ ਨੁਕਸਾਨ

ਥਾਂ -ਥਾਂ , ਜਾ ਕੇ ਵਿਲਕੇ , ਸਿੱਧੂ ਮੂਸੇਵਾਲਾ ਦੇ ਮਾਪੇ

ਗੈੰਗਸਟਰਾਂ , ਤੇ ਸਰਕਾਰਾਂ ਦੇ ਉਹ , ਕਰਦੇ ਰਹੇ ਸਿਆਪੇ

ਮਜ਼ਲੂਮਾਂ ਨੂੰ ,ਲਗਦਾ ਹੈ ਜਿਵੇਂ, ਆ ਹੀ ਗਈ ਹੋਵੇ ਪਰਲੋ

ਰਾਮ ਰਹੀਮ ਨੂੰ, ਜੇਲ੍ਹ ‘ਚੋਂ ਆਉਣ ਦੀ, ਮਿਲਦੀ ਹੈ ਜਦੋੰ ਫਰਲੋ

ਮੁੰਡੇ ਕੁੜੀਆਂ , ਇਸ ਸਿਸਟਮ ਨੂੰ, ਕਰਦੇ ਨਹੀ ਪਸੰਦ

ਕਾਲਜ, ਤੇ ਯੂਨੀਵਰਸਿਟੀਆਂ ਹੀ, ਕਿਤੇ ਹੋ ਨਾ ਜਾਣ ਬੰਦ

ਲੀਡਰ , ਠੂੱਠਾ ਫੜ ਕੇ , ਮੰਗਦੇ ਵੋਟਰਾਂ ਕੋਲੋੰ ਖ਼ੈਰ

ਜਿੱਤਣ ਪਿੱਛੋਂ ,ਵੋਟਰ ਉਨ੍ਹਾਂ ਲਈ ,ਹੋ ਜਾਂਦੇ ਹਨ ਗ਼ੈਰ

ਸੀਨੀਅਰ ਕਾਂਗਰਸੀਆਂ ਦਾ ਟੋਲਾ ਭਾਜਪਾ ਵਿੱਚ ਜਾ ਵੜ੍ਹਿਆ

ਭਾਜਪਾ ਵਾਲੇ ਪਤਾ ਨਹੀ ਕਿਹੜਾ ਦੁੱਧ ਪਿਆਉਂਦੇ ਕੜ੍ਹਿਆ

ਲੀਡਰਾਂ ਦਾ ਕੀ ਏਧਰੋੰ ਛੱਡ ਕੇ ਓਧਰ ਮੱਲਦੇ ਕੁਰਸੀ

ਮਸਲਾ ਤਾਂ ਹੈ ਵੋਟਰਾਂ ਦਾ ਜਿਹੜੇ ਕੱਟਦੇ ਤੰਗੀ ਤੁਰਸ਼ੀ

ਇਸ ਕਰਕੇ ਵੀ ,ਏਸ ਦੇਸ਼ ਦੀ ,ਪਲਟ ਨਾ ਸਕੀ ਕਾਇਆ

ਏਥੇ ਇੱਕ ਪ੍ਰਸੈੰਟ ,ਲੋਕਾਂ ਕੋਲ ਹੈ ,ਚਾਲੀ ਪ੍ਰਸੈੰਟ ਮਾਇਆ

ਹਰਜਿੰਦਰ ਸਿੰਘ ਧਾਮੀ ਵੀ ਹੋ ਗਿਆ ਸਿੱਖਾਂ ਵਿੱਚ ਮਹਾਨ

ਐੱਸ.ਜੀ.ਪੀ.ਸੀ . ਦਾ ਬਣ ਕੇ ਉਹ ਤੀਜੀ ਵਾਰ ਪ੍ਰਧਾਨ

ਜਿਸ ਅਕਾਲ ਤਖ਼ਤ, ਨੂੰ ਸੀ ਕਦੇ ,ਇੰਦਰਾ ਨੇ ਢੁਹਾਇਆ

ਓਸੇ ਤਖ਼ਤ ‘ਤੇ , ਰਾਹੁਲ ਗਾਂਧੀ , ਮੱਥਾ ਟੇਕਣ ਆਇਆ

ਪੰਜਾਬ ਉੱਤੇ, ਖਰਚ ਕਰਨ ਵੇਲੇ , ਪੈਸੇ ਹੀ ਸਨ ਥੁੜ ਗਏ

ਕੇਜਰੀਵਾਲ , ਹੁਸ਼ਿਆਰਪੁਰੋੰ ,ਹੈਲੀਕਪਟਰ ਉੱਤੇ ਉੜ ਗਏ

ਕਿਸੇ ਤੋਂ ਵੀ ,ਹੱਲ ਨਹੀ ਹੋਇਆ ,ਐੱਸ.ਵਾਈ. ਐੱਲ. ਦਾ ਝਗੜਾ

ਰਲ ਮਿਲ ਕੇ ,ਪੰਜਾਬ ਨੂੰ ਹੀ , ਉਹ ਲਾਉਣਾ ਚਾਹੁੰਦੇ ਰਗੜਾ

ਤੌਬਾ ! ਤੌਬਾ !! ਪੰਜਾਬ ਦੇ ਤਾਂ , ਅੰਦਰ ਦਰਦ ਹੈ ਚੋਖਾ

ਇਸ ਦੇ ,ਰੰਗ -ਬਰੰਗੇ ਲੀਡਰਾਂ ,ਇਸ ਨਾਲ ਕੀਤਾ ਧੋਖਾ

ਇੰਡੀਆ’ ਗੱਠਜੋੜ ਵਾਲਿਓ, ਜੇ ਕਿਤੇ ਵੀ ਹੋ ਗਏ ਤੁਸੀ ਫੇਲ਼

ਦੇਖਿਓ ,ਭਾਜਪਾ ਵਾਲਿਆਂ ਨੇ ,ਤੁਹਾਡੀ ਕਿਵੇਂ ਬਣਾਉਣੀ ਰੇਲ

ਪਾਣੀ ਜੇ ਨਾ ਪਾਇਆ ਸੁੱਕ ਜਾਊ ‘ਗੱਠਜੋੜ ‘ਵਾਲੀ ਵੇਲ

ਭਾਜਪਾ ਨੇ ,ਫੜ ਫੜ ਕੇ ਤੁਹਾਨੂੰ ,ਭਰ ਦੇਣੀ ਹਰ ਜੇਲ੍ਹ

ਭੈੜੀ ਆਰਥਿਕਤਾ ਦਾ , ਰਿਹਾ ਏਥੇ ,ਸਦਾ ਹੀ ਰੰਡੀ ਰੋਣਾ

ਮੁੜ ਘਿੜ ਕੇ ,ਫਿਰ ਆ ਜਾਂਦੀਆਂ ਹਨ , ਏਸ ਮੁਲਕ ਵਿੱਚ ਚੋਣਾਂ

ਭ੍ਰਿਸ਼ਟਾਚਾਰ ਨੂੰ, ਲੱਗੀਆਂ ਨਹੀਂ ਅਜੇ, ਪੂਰੀ ਤਰਾਂ ਨਾਲ ਰੋਕਾਂ

ਫੜ ਫੜ ਕੇ ਹੀ, ਲਾਹੁਣੀਆਂ ਪੈਣੀਆਂ, ਲਹੂ ਪੀਣੀਆਂ ਜੋਕਾਂ

ਬਹੁਤ ਕੁਝ ਮਿੱਤਰੋ ਆਪਣੇ ਮੁਲਕ ਵਿੱਚ ਹੋ ਗਿਆ ਹੈ ਤਬਾਹ

ਚੋਰਾਂ ਨੂੰ ਤਾਂ ਚੋਰ ਕਹਿਣਾ ਵੀ ਹੋ ਗਿਆ ਏਥੇ ਗੁਨਾਹ

ਜਿਸ ਦਾ ਵੀ, ਲੱਗ ਸਕਿਆ,ਉਹ ਆਪਣਾ ਹੀ ਦਾਅ ਲਾ ਗਿਆ

ਦੂਜਿਆਂ ਦੇ ਤਾਂ ,ਪੱਲੇ ਦੁੱਖ ਮੁਸੀਬਤਾਂ ,ਹੀ ਉਹ ਪਾ ਗਿਆ

“ਟੇਰਕਿਆਨਾ” ਵੀਹ ਸੌ ਤੇਈ ,ਆਪਣੇ ਰੰਗ ਦਿਖਾ ਗਿਆ

ਹੁਣ ਤਾਂ ਯਾਰ, ਚੁਕੰਨੇ ਹੋ ਜਾਓ, ਵੀਹ ਸੌ ਚੌਵੀ ਆ ਗਿਆ

ਐਡਵੋਕੇਟ ਰਘਵੀਰ ਸਿੰਘ ਟੇਰਕਿਆਨਾ

ਚੈੰਬਰ ਨੰਬਰ 32

ਜ਼ਿਲ੍ਹਾ ਕਚਹਿਰੀ- ਹੁਸ਼ਿਆਰਪੁਰ (ਪੰਜਾਬ)

ਫ਼ੋਨ: 9814173402

Email [email protected]

LEAVE A REPLY

Please enter your comment!
Please enter your name here