ਹਾਰਟ ਅਟੈਕ ਪੀੜਤ ਮਰੀਜ਼ਾਂ ਲਈ ਜ਼ਿਲਾ ਹਸਪਤਾਲ ਵਿਚ ਸ਼ੁਰੂ ਹੋਇਆ ਸਟੈਮੀ ਪਾਇਲਟ ਪ੍ਰੋਜੈਕਟ: ਡਾ. ਜਗਜੀਤ

ਮਾਲੇਰਕੋਟਲਾ, (ਦ ਸਟੈਲਰ ਨਿਊਜ਼): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨਿਭਾਉਂਦੇ ਹੋਏ ਜ਼ਿਲਾ ਹਸਪਤਾਲ ‘ਚ ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਟੈਮੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।

Advertisements
ਜਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਦੇਸ਼ 'ਚ ਲਗਭਗ 30 ਲੱਖ ਮਰੀਜ਼ ਹਰ ਸਾਲ ਹਾਰਟ ਅਟੈਕ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ-ਕੱਲ ਦੀ ਖਾਣ-ਪੀਣ ਅਤੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਾੜੀਆਂ ਦੇ ਬਲਾਕ ਹੋਣ ਕਾਰਨ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਜਿਲ੍ਹਾ ਹਸਪਤਾਲ 'ਚ ਸਟੈਮੀ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੌਸ਼ਟਿਕ ਖੁਰਾਕ ਸਮੇਤ ਰੌਜ਼ਾਨਾ ਕਸਰਤ ਲਾਜ਼ਮੀ ਕਰਨੀ ਚਾਹੀਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੀ ਛਾਤੀ ਵਿਚ ਦਰਦ ਹੁੰਦਾ ਹੈ ਤਾਂ ਇਸ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਜਾਂਚ ਲਈ ਨੇੜਲੀ ਸਿਹਤ ਸੰਸਥਾ ਵਿੱਚ ਆਪਣਾ ਚੈੱਕਅਪ ਕਰਵਾਇਆ ਜਾਵੇ।

ਇਸ ਸਬੰਧੀ ਜ਼ਿਲਾ ਹਸਪਤਾਲ 'ਚ ਤੈਨਾਤ ਮੈਡੀਕਲ ਮਾਹਿਰ ਡਾ. ਜੀਨਤ ਮਹਿੰਦਰੂ ਨੇ ਦੱਸਿਆ ਕਿ ਸਟੈਮੀ ਪਾਇਲਟ ਪ੍ਰੋਜੈਕਟ ਤਹਿਤ ਹਾਰਟ ਅਟੈਕ ਹੋਣ ਦੀ ਸੂਰਤ ਵਿਚ ਮਰੀਜ਼ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿਚ ਮਰੀਜ਼ ਨੂੰ ਹਾਰਟ ਅਟੈਕ ਹੋਣ 'ਤੇ ਹਾਲਤ ਕਾਫੀ ਵਿਗੜ ਜਾਂਦੀ ਹੈ ਜਿਸ ਨੂੰ ਤੁਰੰਤ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਮਰੀਜ਼ ਦੀ ਜਾਨ ਨੂੰ ਕਾਫੀ ਖਤਰਾ ਹੁੰਦਾ ਹੈ ਪਰ ਇਸ ਪ੍ਰੋਜੈਕਟ ਤਹਿਤ ਮਰੀਜ਼ ਨੂੰ ਦੋ ਟੀਕੇ ਲਗਾਏ ਜਾਂਦੇ ਹਨ ਜਿਸ ਨਾਲ ਮਰੀਜ਼ ਦੇ ਦਿਲ ਦੀਆਂ ਨਬਜ਼ਾਂ ਵਿਚ ਆਉਣ ਵਾਲੀ ਬਲਾਕਜ਼ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ। ਜਿਸ ਉਪਰੰਤ ਪ੍ਰਭਾਵਿਤ ਮਰੀਜ਼ ਦੀ ਹਾਲਤ ਨੂੰ ਸਥਿਰ ਕਰਕੇ ਨੇੜਲੇ ਸਿਹਤ ਸੰਸਥਾਨ ਜਿੱਥੇ ਇੰਜੋਗਰਾਫੀ ਸਮੇਤ ਸਟੰਟਿੰਗ ਹੁੰਦੀ ਹੋਵੇ ਭੇਜਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ 70 ਹਜ਼ਾਰ ਰੁਪਏ ਦੀ ਲਾਗਤ ਨਾਲ ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।

ਸਹਾਇਕ ਸਿਵਲ ਸਰਜਨ ਡਾ. ਸੁਜੀਲਾ ਖਾਨ ਨੇ ਮੈਡੀਕਲ ਮਾਹਿਰ ਡਾ. ਜੀਨਤ ਮਹਿੰਦਰੂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਜ਼ਿਲਾ ਹਸਪਤਾਲ ਦੀ ਐਮਰਜੈਂਸੀ 'ਚ ਆਏ ਹਾਰਟ ਅਟੈਕ ਦੇ 5 ਮਰੀਜ਼ਾਂ ਨੂੰ ਉਕਤ ਟੀਕੇ ਲਗਾਕੇ ਉਨ੍ਹਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਟੈਮੀ ਸਕੀਮ ਤਹਿਤ ਮਰੀਜ਼ ਦਾ ਪਹਿਲਾਂ ਚੈੱਕਅਪ ਕੀਤਾ ਜਾਂਦਾ ਹੈ ਅਤੇ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਬਲਾਕ ਐਕਸਟੈਸ਼ਨ ਐਜੂਕੇਟਰ ਰਣਬੀਰ ਸਿੰਘ ਢੰਡੇ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਵਾਲੀਆ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here