ਡਿਪਟੀ ਕਮਿਸ਼ਨਰ ਵੱਲੋਂ ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਮੈਰਿਟ ‘ਚ ਆਏ ਵਿਦਿਆਰਥੀ ਸਨਮਾਨਤ

ਪਟਿਆਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸ਼ੈਸਨ 2023-24 ਦੀ ਮੈਟ੍ਰਿਕੁਲੇਸ਼ਨ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆ ਦੇ ਸਾਲਾਨਾ ਨਤੀਜਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਏ 5 ਵਿਦਿਆਰਥੀਆਂ ਦਾ ਸਨਮਾਨ ਕੀਤਾ। ਆਪਣੇ ਦਫ਼ਤਰ ਵਿਖੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਤ ਕੀਤਾ ਅਤੇ ਕਿਹਾ ਕਿ ਉਹ ਜੇਕਰ ਆਪਣੇ ਆਪ ਵਿੱਚ ਆਤਮ ਵਿਸ਼ਵਾਸ਼ ਭਰ ਲੈਣ ਤਾਂ ਕੋਈ ਵੀ ਮੰਜ਼ਿਲ ਸੁਖਾਲੇ ਢੰਗ ਨਾਲ ਸਰ ਕੀਤੀ ਜਾ ਸਕਦੀ ਹੈ।

Advertisements

ਸ਼ੌਕਤ ਅਹਿਮਦ ਪਰੇ ਨੇ ਸਰਕਾਰੀ ਸਕੂਲ ਡਕਾਲਾ ਦੀ 97.54 ਫੀਸਦੀ ਅੰਕ ਲੈਣ ਵਾਲੀ ਰਮਨਦੀਪ ਕੌਰ ਤੇ 97.38 ਫੀਸਦੀ ਅੰਕ ਲੈਣ ਵਾਲੇ ਕਮਲਪ੍ਰੀਤ ਸਿੰਘ, 96.62 ਫੀਸਦੀ ਅੰਕ ਹਾਸਲ ਕਰਨ ਵਾਲੀ ਸਰਕਾਰੀ ਸਕੂਲ ਸਿਵਲ ਲਾਇਨਜ਼ ਦੀ ਜਸਮੀਤ ਕੌਰ, 96.62 ਫੀਸਦੀ ਅੰਕ ਲੈਣ ਵਾਲੀ ਪੁਰਾਣੀ ਪੁਲਿਸ ਲਾਈਨ ਸਕੂਲ ਦੀ ਭਾਵਨਾ ਤੇ 96.62 ਫੀਸਦੀ ਅੰਕ ਲੈਣ ਵਾਲੀ ਸਰਕਾਰੀ ਵਿਕਟੋਰੀਆ ਸਕੂਲ ਦੀ ਵਿਦਿਆਰਥਣ ਮੰਨਤ ਮਹਿਮੀ ਦੀ ਹੌਂਸਲਾ ਅਫ਼ਜਾਈ ਕੀਤੀ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਵੱਲੋਂ ਭਵਿੱਖ ਦੇ ਮਿਥੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸ਼ੁਭਕਾਮਨਾ ਦਿੱਤੀ ਅਤੇ ਆਪਣੇ ਯੂ.ਪੀ.ਐਸ.ਸੀ. ਦਾ ਇਮਤਿਹਾਨ ਪਾਸ ਕਰਨ ਦੀ ਕਹਾਣੀ ਵੀ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਬਲਕਿ ਆਪਦੇ ਆਪ ਨਾਲ ਹੀ ਰੋਜ਼ਾਨਾ ਕਰਕੇ ਆਪਣੀਆਂ ਕਮੀਆਂ ਦੀ ਪਰਖ ਕਰਕੇ ਆਪਣੇ ਆਪ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਹ ਹਮੇਸ਼ਾ ਹੀ ਵਿਦਿਆਰਥੀਆਂ ਦੀ ਮਦਦ ਲਈ ਤਤਪਰ ਹਨ, ਇਸ ਲਈ ਕੋਈ ਵੀ ਵਿਦਿਆਰਥੀ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਏ.ਡੀ.ਸੀ. (ਜ) ਕੰਚਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ. ਰਵਿੰਦਰ ਪਾਲ ਸਿੰਘ, ਪ੍ਰਿੰਸੀਪਲ ਮਨਦੀਪ ਕੌਰ, ਅਧਿਆਪਕ ਮੋਹਿੰਦਰਵੀਰ ਕੌਰ, ਉਰਵੀਨ ਕੌਰ ਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here