Sunday, October 25, 2026
Home Latest ਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ ਦਰਬਾਰ 16 ਜੂਨ ਨੂੰ

ਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ ਦਰਬਾਰ 16 ਜੂਨ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਲੰਮੇ ਸਮੇਂ ਤੋਂ ਵਿਰਸਾ ਵਿਹਾਰ ਵਿਖੇ ਸਥਿਤ ਆਪਣੇਂ ਦਫ਼ਤਰ ਵਿੱਚ ਵੱਖ-ਵੱਖ ਸਾਹਿਤਿਕ ਵੰਨਗੀਆਂ ਨਾਲ ਸੰਬੰਧਿਤ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਕੇਂਦਰ ਦੀ ਕਾਰਜਕਾਰਨੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਇਲਾਕੇ ਦੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਕਵੀ-ਦਰਬਾਰ ਕਰਵਾਏ ਜਾਣ ਤਾਂ ਜੋ ਵਿਦਿਆਰਥੀਆਂ ਵਿੱਚ ਸਾਹਿਤ ਪੜ੍ਹਨ, ਸੁਣਨ ਅਤੇ ਰਚਣ ਦੀ ਹੋਰ ਵਧੇਰੇ ਰੁਚੀ ਪੈਦਾ ਹੋ ਸਕੇ। ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿੱਚ ਸ਼ਾਮਿਲ ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਡਾ. ਅਵਤਾਰ ਸਿੰਘ ਭੰਡਾਲ ਅਤੇ ਡਾ. ਸੁਰਿੰਦਰ ਪਾਲ ਸਿੰਘ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਪੱਤੀ ਖਿਜਰਪੁਰ ਲੱਖਣ ਕਲਾਂ ਦੇ ਸੰਚਾਲਕ ਬਾਬਾ ਇੰਦਰਪਾਲ ਸਿੰਘ ਜੀ ਨਾਲ ਹੋਈ।

Advertisements

ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਬਾਬਾ ਇੰਦਰਪਾਲ ਸਿੰਘ ਜੀ ਦੇ ਮਰਹੂਮ ਸਪੁੱਤਰ ਭਾਈ ਹਰਸਿਮਰਤ ਸਿੰਘ ਖਾਲਸਾ ਦੀ ਯਾਦ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਲੱਖਣ ਕਲਾਂ ਅਕੈਡਮੀ ਵਿਖੇ ਮਿਤੀ 16 ਜੂਨ ਦਿਨ ਐਤਵਾਰ ਸਵੇਰੇ 10 ਵਜੇ ਕਰਵਾਇਆ ਜਾਵੇਗਾ। ਇੱਥੇ ਇਹ ਵਿਸ਼ੇਸ਼ ਵਰਨਣਯੋਗ ਹੈ ਕਿ ਭਾਈ ਹਰਸਿਮਰਤ ਸਿੰਘ ਖਾਲਸਾ 25 ਸਾਲਾਂ ਦੀ ਉਮਰ ਵਿੱਚ ਹੀ ਨਾ ਮੁਰਾਦ ਬਿਮਾਰੀ ਕੈਂਸਰ ਨਾਲ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਸਨ। ਬਾਬਾ ਇੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਭਾਈ ਹਰਸਿਮਰਤ ਸਿੰਘ ਖਾਲਸਾ ਨੇ ਇਸ ਛੋਟੀ ਜਿਹੀ ਅਵਸਥਾ ਵਿੱਚ ਹੀ ਖੇਡਾਂ, ਵਿਦਿਅਕ ਅਤੇ ਸੰਗੀਤਕ ਖੇਤਰ ਵਿੱਚ ਬੜੀਆਂ ਮੱਲਾਂ ਮਾਰੀਆਂ ਸਨ। ਸਿਰਜਣਾ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਇਲਾਕਾ ਵਾਸੀਆਂ ਅਤੇ ਲੇਖਕਾਂ ਨੂੰ ਬੇਨਤੀ ਹੈ ਕਿ ਜਿੱਥੇ ਇਸ ਕਵੀ ਦਰਬਾਰ ਵਿੱਚ ਪਿੰਡ ਦੇ ਪਤਵੰਤੇ ਲੋਕ ਸ਼ਾਮਿਲ ਹੋਣਗੇ ਉੱਥੇ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣਾ, ਤਾਂ ਜੋ ਸਿਰਜਣਾ ਕੇਂਦਰ ਵੱਲੋਂ ਸਕੂਲਾਂ ਕਾਲਜਾਂ ਅਤੇ ਅਕੈਡਮੀਆਂ ਵਿੱਚ ਸਾਹਿਤਿਕ ਪ੍ਰੋਗਰਾਮ ਕਰਵਾਉਣ ਦੀ ਪਾਈ ਜਾ ਰਹੀ ਇਸ ਨਵੀਂ ਪਿਰਤ ਨੂੰ ਭਰਵਾਂ ਹੁੰਗਾਰਾ ਮਿਲ ਸਕੇ।

LEAVE A REPLY

Please enter your comment!
Please enter your name here