
ਕੋਟਕਪੂਰਾ (ਦ ਸਟੈਲਰ ਨਿਊਜ਼)। ਕੋਟਕਪੂਰਾ ਦੇ ਜੰਮਪਲ ਪੰਜਾਬੀ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪਾਇਲਟ ਬਣ ਕੇ ਪੰਜਾਬ ਦਾ ਨਾ ਰੌਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਸੀਸਪ੍ਰੀਤ ਸਟੱਡੀ ਵੀਜ਼ੇ ਤੇ 2019 ਵਿੱਚ ਕੈਨੇਡਾ ਦੇ ਵੈਨਕੂਵਰ ਵਿਖੇ ਗਿਆ ਸੀ ਤੇ ਉੱਥੇ ਉਸਨੇ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ-ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ। ਜਾਣਕਾਰੀ ਮੁਤਾਬਕ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਫ਼ੈਕਟਰੀ ਵਿੱਚ ਨੌਕਰੀ ਕਰਦਿਆਂ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਗੌਟ ਪੀਪੀਐਲ ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ ਹਾਸਲ ਕੀਤਾ।

ਖੁਸ਼ੀ ਜ਼ਾਹਰ ਕਰਦਿਆਂ ਅਸੀਸਪ੍ਰੀਤ ਦੇ ਦਾਦਾ ਪਾਲ ਸਿੰਘ ਨੇ ਕਿਹਾ ਕਿ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਰਹਿ ਕੇ ਅਤੇ ਪਾਇਲਟ ਦੀ ਨੌਕਰੀ ਪ੍ਰਾਪਤ ਕਰਨ ਦੇ ਬਾਵਜੂਦ ਵੀ ਆਪਣੀ ਸਿੱਖੀ ਨੂੰ ਕਾਇਮ ਰੱਖਿਆ ਹੈ। ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਸੀਸਪ੍ਰੀਤ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਅਸੀਸਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਤੇ ਮਾਨ ਹੈ ਤੇ ਉਸਨੇ ਸਾਡਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।












