ਸਿਖਿਆ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਏ ਡੀ ਸੀ ਨੇ ਕੀਤੀ ਬੈਠਕ

adc
ਹੁਸ਼ਿਆਰਪੁਰ, 17 ਅਗਸਤ: ਸਿੱਖਿਆ ਵਿਭਾਗ ਦੀ  ਸਰਵ ਸਿੱਖਿਆ ਅਭਿਆਨ  ਅਤੇ ਰਾਸ਼ਟਰੀ ਮਾਧਿਆਮ ਸਿੱਖਿਆ ਅਭਿਆਨ ਸਬੰਧੀ ਕਾਰਗੁਜ਼ਾਰੀ ਨੂੰ ਲੈ ਕੇ ਤੀਮਾਹੀ ਰੀਵੀਊ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਪ੍ਰਤੀਨਿੱਧੀ ਕਨਵੀਨਰ ਐਜੂਕੇਸ਼ਨ ਸੈਲ ਬਲਕੀਸ਼ ਰਾਜ ਅਤੇ ਦਫ਼ਤਰੀ ਸਕੱਤਰ ਮਨਪ੍ਰੀਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਬੈਠਕ ਦੀ ਕਾਰਗੁਜ਼ਾਰੀ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਵਿਦਿਅਕ ਸਾਲ 2015-16 ਦੌਰਾਨ 7 ਤੋਂ 14 ਸਾਲ ਉਮਰ ਵਰਗ ਦੇ 249 ਬੱਚਿਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਾਉਣ ਲਈ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਵਿੱਚ ਉਹ ਬੱਚੇ ਸ਼ਾਮਲ ਹਨ ਜੋ ਕਿ ਕਿਸੇ ਕਾਰਨ ਸਕੂਲ ਵਿੱਚ ਪੜਨ ਤੋਂ ਵਾਂਝੇ ਰਹਿ ਗਏ ਸਨ। ਇਨ੍ਹਾਂ ਬੱਚਿਆਂ ਨੂੰ  ਸਕੂਲੀ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਰਕਾਰ ਵੱਲੋਂ 2250 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਦਿੱਤੇ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਤਹਿਤ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 5 ਲੱਖ 60 ਹਜ਼ਾਰ 250 ਰੁਪਏ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਪ੍ਰਾਇਮਰੀ ਵਿਦਿਆ ਸੁਧਾਰ ਪ੍ਰਵੇਸ਼ ਪ੍ਰੋਜੈਕਟ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਨਵੀਂਆਂ ਤਕਨੀਕਾਂ ਅਤੇ ਵਿਭਾਗੀ ਹਦਾਇਤਾਂ ਤੋਂ ਜਾਣੂ ਕਰਾਉਣ ਦੇ ਲਈ ਇਸ ਸਾਲ 1401 ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ ਹੈ । ਇਸ ਤੋਂ ਇਲਾਵਾ ਜਿਲ੍ਹੇ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 87 ਰਿਸੋਰਸ ਰੂਮ ਚਲਾਏ ਜਾ ਰਹੇ ਹਨ। ਸਿਵਲ ਵਰਕਸ ਦੇ ਤਹਿਤ ਸਕੂਲਾਂ ਵਿੱਚ ਪੈਖਾਨਿਆਂ, ਵਾਧੂ ਕਮਰੇ, ਮੇਜਰ ਰਿਪੇਅਰ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੈਂਪ ਬਣਾਏ ਗਏ ਹਨ ਜਿਸ ਤੇ ਕਰੀਬ 2 ਕਰੋੜ 12 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਵੇਲੇ ਜ਼ਿਲ੍ਹੇ ਵਿੱਚ ਕੋਈ ਵੀ ਸਰਕਾਰੀ ਸਕੂਲ ਪਖਾਨਿਆਂ ਤੋਂ ਵਾਂਝਾ ਨਹੀਂ ਹੈ। ਮਿਡ ਡੇ ਮੀਲ ਸਕੀਮ ਤਹਿਤ ਕਰੀਬ 1800 ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ 1 ਲੱਖ 10 ਹਜ਼ਾਰ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਮ ਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਮੋਹਨ ਸਿੰਘ ਲੇਹਲ ਨੇ ਦੱਸਿਆ ਕਿ ਜਿਲ੍ਹੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲ ਦੇ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਮੇਂ-ਸਮੇਂ ਸਿਰ ਸਕੂਲਾਂ ਦੀ ਚੈਕਿੰਗ ਕਰਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਬੈਠਕ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ, ਜਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਮਦਨ ਲਾਲ ਸ਼ਰਮਾ, ਰਜਨੀਸ਼ ਕੁਮਾਰ ਗੁਲਿਆਨੀ, ਸੁਦੇਸ਼ ਸ਼ਰਮਾ, ਹਰਵਿੰਦਰ ਸਿੰਘ, ਕੁਆਰਡੀਨੇਟਰ ਜਗਤਜੀਤ ਸਿੰਘ, ਕੰਚਨ ਬਾਲਾ, ਦਵਿੰਦਰ ਕੌਰ, ਨਿਰਮਲ, ਧੀਰਜ ਕੁਮਾਰ, ਅੰਜੂ ਸੈਣੀ ਅਤੇ ਜਿਲ੍ਹਾ ਮੈਨੇਜਰ ਮਿਡ ਡੇ ਮੀਲ ਹਰਭਜਨ ਸਿੰਘ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here