
ਆਗਰਾ (ਦ ਸਟੈਲਰ ਨਿਊਜ਼)। ਆਗਰਾ ਦੀ ਐਮਪੀ/ਐਮਐਲਏ ਅਦਾਲਤ ਨੇ ਮਹਾਤਮਾ ਗਾਂਧੀ ਤੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਧਰਨੇ ਤੇ ਬੈਠੇ ਕਿਸਾਨਾਂ ਦੇ ਸਬੰਧ ਵਿੱਚ ਅਦਾਕਾਰਾ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਵਿੱਚ ਕੰਗਨਾ ਰਣੌਤ ਖਿਲਾਫ ਕੇਸ ਦਰਜ ਕਰਨ ਵਾਲੇ ਵਕੀਲ ਰਮਾਸ਼ੰਕਰ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਅਦਾਕਾਰਾ ਤੋਂ ਜਵਾਬ ਮੰਗਿਆ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅਗਸਤ 2020 ਤੋਂ ਦਸੰਬਰ 2021 ਤੱਕ ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਤੇ ਬੈਠੇ ਕਿਸਾਨਾਂ ਵਿਰੁੱਧ 27 ਅਗਸਤ ਨੂੰ ਅਖਬਾਰ ਵਿੱਚ ਪ੍ਰਕਾਸ਼ਤ ਇੱਕ ਬਿਆਨ ਪੜ੍ਹਿਆ, ਜਿਸ ਵਿੱਚ ਰਣੌਤ ਨੇ ਕਿਹਾ ਕਿ ‘ਪ੍ਰਦਰਸ਼ਨ ਵਾਲੀ ਥਾਂ ਤੇ ਕਤਲ, ਜਬਰ ਜਨਾਹ ਹੋਏ ਹਨ।

ਜੇਕਰ ਦੇਸ਼ ਵਿੱਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੁੰਦੇ। ਸ਼ਰਮਾ ਅਨੁਸਾਰ, ਅਦਾਕਾਰਾ ਨੇ ਇੱਕ ਹੋਰ ਬਿਆਨ ਦਿੱਤਾ ਜੋ 17 ਨਵੰਬਰ, 2021 ਨੂੰ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਇਆ ਸੀ, ਜਿੱਥੇ ਉਸਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਸੀ। ਕੰਗਨਾ ਨੇ ਬਿਆਨ ਵਿੱਚ ਕਿਹਾ ਸੀ ਕਿ ‘‘ਸਾਨੂੰ ਅਸਲ ਆਜ਼ਾਦੀ 2014 ਵਿੱਚ ਮਿਲੀ ਸੀ।’’ ਵਕੀਲ ਨੇ ਕਿਹਾ, ‘‘ਕੰਗਨਾ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਅਪਮਾਨ ਕੀਤਾ ਹੈ ਤੇ ਮਹਾਤਮਾ ਗਾਂਧੀ ਦਾ ਵੀ ਅਪਮਾਨ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਅਦਾਲਤ ਨੇ ਰਣੌਤ ਦੇ ਬਿਆਨ ਲਈ ਨੋਟਿਸ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਤੈਅ ਕੀਤੀ ਹੈ।












