
ਅੰਬਾਲਾ (ਦ ਸਟੈਲਰ ਨਿਊਜ਼)। ਅੰਬਾਲਾ ਦੇ ਨਰਾਇਣਗੜ੍ਹ ਵਿੱਚ ਇੱਕ ਵਪਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੁਦੇਸ਼ ਗੁਪਤਾ ਵਜੋਂ ਹੋਈ ਹੈ। ਕਤਲ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ। ਜਾਣਕਾਰੀ ਮੁਤਾਬਕ ਨਰਾਇਣਗੜ੍ਹ ਦੇ ਲਾਲਪੁਰ ਪਿੰਡ ਦਾ ਸੁਦੇਸ਼ ਗੁਪਤਾ ਆਪਣੀ ਕਰਿਆਨੇ ਦੀ ਦੁਕਾਨ ‘ਤੇ ਬੈਠਾ ਸੀ। ਅਚਾਨਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫ਼ਰਾਰ ਹੋ ਗਏ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਹ ਦੁਕਾਨ ‘ਤੇ ਆਏ ਤਾਂ ਉਨ੍ਹਾਂ ਨੇ ਸੁਦੇਸ਼ ਗੁਪਤਾ ਨੂੰ ਜ਼ਮੀਨ ‘ਤੇ ਜ਼ਖਮੀ ਹਾਲਤ ‘ਚ ਪਿਆ ਦੇਖਿਆ। ਪਿੰਡ ਵਾਸੀਆਂ ਨੇ ਉਸ ਨੂੰ ਨਰਾਇਣਗੜ੍ਹ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਚਓ ਲਲਿਤ ਕੁਮਾਰ ਨੇ ਦੱਸਿਆ ਕਿ ਸੁਦੇਸ਼ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਿਸੇ ਅਣਪਛਾਤੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।












