
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਜਗਰਾਉਂ ਮੁੱਲਾਪੁਰ ਵਿੱਚ ਇੱਕ ਬਾਊਂਸਰ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪਵਨਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਸਟੇਸ਼ਨ ਹਾਊਸ ਅਫ਼ਸਰ ਜਸਵਿੰਦਰ ਨੇ ਦੱਸਿਆ ਕਿ ਪਵਨਪ੍ਰੀਤ ਕਈ ਸਾਲਾਂ ਤੋਂ ਕਿਰਨਦੀਪ ਨਾਲ ਪ੍ਰੇਮ ਸਬੰਧਾਂ ਵਿੱਚ ਸੀ, ਕੁੱਝ ਲੋਕਾਂ ਨੇ ਲੜਕੀ ਦੇ ਪਰਿਵਾਰ ਨੂੰ ਪਵਨ ਬਾਰੇ ਗ਼ਲਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਰਿਸ਼ਤਾ ਤੋੜ ਦਿੱਤਾ। ਜਦੋਂ ਪਵਨ ਦੇ ਪਿਤਾ ਰਣਜੀਤ ਨੇ ਲੜਕੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਲੜਕੀ ਦੇ ਪਰਿਵਾਰ ਨੇ ਉਸਦੀ ਜਾਤ ਦੇ ਆਧਾਰ ਤੇ ਉਸਦੀ ਬੇਇੱਜ਼ਤੀ ਕੀਤੀ ਅਤੇ ਉਸਨੂੰ ਘਰੋਂ ਕੱਢ ਦਿੱਤਾ।

ਇਸ ਘਟਨਾ ਤੋਂ ਪਵਨਪ੍ਰੀਤ ਬਹੁਤ ਦੁਖੀ ਸੀ ਜਿਸਤੋਂ ਬਾਅਦ ਲੜਕੀ ਦੇ ਭਰਾ ਨੇ ਪਵਨ ਨੂੰ ਇਕੱਲੇ ਮਿਲਣ ਲਈ ਬੁਲਾਇਆ ਤੇ ਉਸਤੋਂ ਕੁੱਝ ਸਮੇਂ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਪਵਨ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ ਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਲੁਧਿਆਣਾ ਤੇ ਫਿਰ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਲੜਕੀ ਤੇ ਉਸਦੇ ਪਰਿਵਾਰ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












