
ਜਲੰਧਰ (ਦ ਸਟੈਲਰ ਨਿਊਜ਼)। ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਡਰਾ-ਧਮਕਾ ਕੇ ਉਹਨਾਂ ਨਾਲ ਛੇੜਛਾੜ ਕਰਨ ਦੇ ਆਰੋਪ ਵਿੱਚ ਐਸਐਚਓ ਸਮੇਤ 2 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਬ ਡਿਵੀਜ਼ਨ ਸ਼ਾਹਕੋਟ ਦੇ ਅਧੀਨ ਆਉਂਦੇ ਮਹਿਤਪੁਰ ਦੇ ਪ੍ਰਮੁੱਖ ਲੋਕਾਂ ਨੇ ਡੀਐਸਪੀ ਸ਼ਾਹਕੋਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਮਹਿਤਪੁਰ ਦੇ ਐਸਐਚਓ ਦੀ ਮੌਜੂਦਗੀ ਵਿੱਚ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਉਨ੍ਹਾਂ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ ਗਈ ਅਤੇ ਉਨ੍ਹਾਂ ਨੂੰ ਨੰਗਾ ਕਰਕੇ ਨੱਚਣ ਲਈ ਮਜਬੂਰ ਕੀਤਾ ਗਿਆ, ਇਸਦੇ ਨਾਲ ਹੀ ਉਨ੍ਹਾਂ ਨਾਲ ਅਣਮਨੁੱਖੀ ਅੱਤਿਆਚਾਰ ਕੀਤੇ ਗਏ। ਜਦੋਂ ਇਸ ਘਟਨਾ ਦੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਲੋਕ ਗੁੱਸੇ ਵਿੱਚ ਥਾਣਾ ਮਹਿਤਪੁਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਲੱਗੇ।

ਲੋਕਾਂ ਨੇ ਮੰਗ ਕੀਤੀ ਕਿ ਇਸ ਘਟਨਾ ਨਾਲ 4 ਤੋਂ 5 ਪੁਲਿਸ ਕਰਮਚਾਰੀ ਸਬੰਧਤ ਹਨ, ਪਰ ਸਿਰਫ 2 ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਅਣਮਨੁੱਖੀ ਅੱਤਿਆਚਾਰਾਂ ਦੇ ਸਬੰਧ ਵਿੱਚ ਡੀਐਸਪੀ ਨੂੰ ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਹਿਤਪੁਰ ਥਾਣੇ ਦੇ ਐਸਐਚਓ ਲਖਬੀਰ ਸਿੰਘ ਅਤੇ ਐਸਐਚਓ ਧਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਗੰਦੇ ਕੰਮ ਵਿਚ ਜੇਕਰ ਕੋਈ ਹੋਰ ਪੁਲਿਸ ਮੁਲਾਜ਼ਮ ਸ਼ਾਮਿਲ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।












