
ਪਟਿਆਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਪਟਿਆਲਾ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਸਿਵਲ ਡਿਫੈਂਸ ਵਲੰਟੀਅਰ ਭਰਤੀ ਸਮੇਂ ਮੌਕ ਡਰਿੱਲ ਰਾਹੀ ਜਾਗਰੂਕਤਾ ਮੁਹਿਮ ਵਿੱਢੀ ਗਈ ਹੈ। ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਹਾਲ ਵਿਚ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ ਇਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਜਿਸ ਵਿਚ ਸਿਵਿਲ ਡਿਫੈਂਸ ਵਲੰਟੀਅਰ ਵਜੋਂ ਸੇਵਾ ਕਰਨ ਆਏ ਵਿਅਕਤੀਆਂ ਨੇ ਹਿੱਸਾ ਲਿਆ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਾਗਰਿਕ ਸੁਰੱਖਿਆ ਦੀ ਬਹੁਤ ਜਿਆਦਾ ਅਹਿਮੀਅਤ ਹੈ, ਇਸ ਲਈ ਸਿਵਿਲ ਡਿਫੈਂਸ ਨਿਸ਼ਕਾਮ ਸੇਵਾ ਵਲੰਟੀਅਰ ਭਰਤੀ ਹੋਣ ਲਈ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਟਿਆਲਵੀਆਂ ਨੂੰ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹਕੇ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਦੌਰਾਨ ਦੱਸਿਆ ਗਿਆ ਕਿ ਜੇਕਰ ਤੁਸੀਂ ਖੁੱਲੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਕਿਸੇ ਇਮਾਰਤ ਦੇ ਅੰਦਰ ਪਹੁੰਚੋ । ਜੇਕਰ ਬਹੁ ਮੰਜਲਾਂ ਇਮਾਰਤ ਵਿਚ ਹੋ ਤੇ ਹੇਠਲੇ ਤਲ ‘ਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੋਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰਖਤ ਦੇ ਥੱਲੇ ਓਟ ਲਵੋ। ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ।ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ।
ਇਸ ਮੌਕੇ ਪਟਿਆਲਾ ਦੇ ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਕੰਪਨੀ ਕਮਾਂਡਰ ਪੰਜਾਬ ਹੋਮ ਗਾਰਡ ਮੋਹਨਦੀਪ ਸਿੰਘ, ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਅਤੇ ਪਲਾਟੂਨ ਕਮਾਂਡਰ ਤਰਵਿੰਦਰ ਸਿੰਘ, ਚੀਫ਼ ਵਾਰਡਨ ਸਿਵਿਲ ਡਿਫੈਂਸ ਪਟਿਆਲਾ ਕਮਰਜੀਤ ਸਿੰਘ ਸੇਖੋਂ, ਸੈਕਟਰੀ ਰੇਡ ਕਰਾਸ ਪ੍ਰਿਤਪਾਲ ਸਿੰਘ ਸਿੱਧੂ, ਐਚ ਐਸ ਕਰੀਰ ਅਤੇ ਜਸਪਾਲ ਸਿੰਘ, ਚੀਫ਼ ਫਾਇਰ ਅਫਸਰ ਰਾਜਿੰਦਰ ਕੌਸ਼ਲ ਨੇ ਸਮੂਹ ਲੋਕਾਂ ਨੂੰ ਇਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ, ਠੀਕ ਜਾਣਕਾਰੀ ਲਈ ਕੰਟਰੋਲ ਰੂਮ ਨੂੰ ਸਪੰਰਕ ਕਰੋ। ਲਾਵਾਰਿਸ ਚੀਜ਼ਾਂ, ਖਿਡੋਣਿਆ ਗਿਰੇ ਹੋਏ ਮੋਬਾਈਲ ਪਰਸ ਡਬਿਆਂ ਨੂੰ ਚੁਕਣ ਦੀ ਥਾਂ ਤੁਰੰਤ ਪੂਰੀ ਸੂਚਨਾ ਕੰਟਰੋਲ ਰੂਮ ਜਾਂ 112 ਨੰਬਰ ਤੇ ਦਿੱਤੀ ਜਾਵੇ। ਪ੍ਰਸ਼ਾਸਨ ਪੁਲਿਸ ਸਰਕਾਰਾਂ ਵਲੋਂ ਦਿਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ।












