
ਬਟਾਲਾ (ਦ ਸਟੈਲਰ ਨਿਊਜ਼)। ਬਟਾਲਾ ਵਿੱਚ ਦੇਰ ਰਾਤ ਇੱਕ ਧਾਰਮਿਕ ਮੇਲੇ ਦੌਰਾਨ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਰਪੰਚ ਸਮੇਤ 6 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਬਟਾਲਾ ਦੇ ਪਿੰਡ ਬੋਦੇ ਦੀ ਖੂਹੀ ਦਰਗਾਹ ਤੇ ਧਾਰਮਿਕ ਮੇਲਾ ਚੱਲ ਰਿਹਾ ਸੀ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਾਬਾ ਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਮੇਲੇ ਦੇ ਅਖੀਰ ਵਿੱਚ ਸੜਕ ਕਿਨਾਰੇ 2 ਅਣਪਛਾਤੇ ਵਿਅਕਤੀ ਖੜੇ ਹਨ, ਜਿਹਨਾਂ ਨੇ ਆਪਣੇ ਚੇਹਰੇ ਢੱਕੇ ਹੋਏ ਹਨ ਜਦੋਂ ਸਰਪੰਚ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਚੱਲਾ ਤਾਂ ਹਮਲਾਵਰਾਂ ਨੇ ਸਰਪੰਚ ਤੇ ਗੋਲੀਆਂ ਚਲਾ ਦਿੱਤੀਆ ਤੇ ਇਸ ਦੌਰਾਨ ਸਰਪੰਚ ਅਤੇ 4 ਹੋਰ ਲੋਕ ਜਖਮੀ ਹੋ ਗਏ।

ਇਸੇ ਦੌਰਾਨ ਸਰਪੰਚ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਹਮਲਾਵਰਾਂ ਤੇ ਗੋਲੀਆਂ ਚਲਾਈਆਂ, ਜਿਸ ਵਿੱਚ 1 ਹਮਲਾਵਰ ਜ਼ਖਮੀ ਹੋ ਗਿਆ, ਜਿਸਨੂੰ ਲੋਕਾਂ ਨੇ ਕਾਬੂ ਕਰ ਲਿਆ ਹਾਲਾਂਕਿ ਦੂਸਰਾ ਹਮਲਾਵਰ ਭੀੜ ਦਾ ਫਾਇਦਾ ਚੁੱਕਦਾ ਹੋਏ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












