
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਉਪਰਲੇ ਹਿਸਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਕਈ ਖੇਤਰਾਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ।ਇਸ ਕੁਦਰਤੀ ਆਫ਼ਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿੰਦੇ ਹੋਏ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ।ਮਨੁੱਖਾਂ ਦੇ ਨਾਲ-ਨਾਲ ਮਵੇਸ਼ੀਆਂ ਨੂੰ ਵੀ ਚਾਰੇ ਅਤੇ ਪਾਣੀ ਦੀ ਵੱਡੀ ਕਮੀ ਆ ਗਈ ਹੈ।ਇਸ ਗੰਭੀਰ ਸਥਿਤੀ ਵਿੱਚ ਜਿੱਥੇ ਪੰਜਾਬ ਸਰਕਾਰ, ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਲੋਕਾਂ ਦੇ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ।ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਹਨ।

ਇਸੇ ਤਰ੍ਹਾਂ ਕਪੂਰਥਲਾ ਦੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਵੀ ਪਿਛਲੇ ਕਈ ਦਿਨਾਂ ਤੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ ਪੀੜਤਾਂ ਦੀ ਮਦਦ ਲਈ ਪੂਰੀ ਨਿਸ਼ਠਾ ਤੇ ਲਗਨ ਨਾਲ ਮਦਦ ਤੇ ਸੇਵਾ ਦਾ ਕਾਰਜ ਕਰ ਰਹੇ ਹਨ।ਇਹ ਯਤਨ ਨਾ ਸਿਰਫ਼ ਮਵੇਸ਼ੀਆਂ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਸੀ,ਸਗੋਂ ਇਸ ਨੇ ਹੜ ਪੀੜਤ ਲੋਕਾਂ ਵਿੱਚ ਹੌਸਲੇ ਅਤੇ ਭਰੋਸੇ ਦੀ ਨਵੀਂ ਕਿਰਣ ਵੀ ਜਗਾਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਬੰਨਾ ਦੀ ਪਕਾਈ ਕਰਨ ਲਈ ਦੂਰ-ਦੂਰ ਤੋਂ ਸੰਗਤਾਂ ਦੀ ਸੇਵਾ ਆ ਰਹੀ ਹੈ ਅਤੇ ਲੋਕ ਵੱਡੀ ਤਾਦਾਦ ਵਿੱਚ ਟਰਾਲੀਆਂ ਦੇ ਵਿੱਚ ਮਿੱਟੀ ਅਤੇ ਬੋਰੇ ਲੈ ਕੇ ਆ ਰਹੇ ਹਨ,ਜੋਕਿ ਬਹੁਤ ਹੀ ਸ਼ਲਾਂਘਾ ਯੋਗ ਕਦਮ ਹੈ।ਇਸ ਮੌਕੇ ਪੱਡਾ ਨੇ ਸਮੂਹ ਸੰਗਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਬੰਨਾਂ ਨੂੰ ਪੱਕਿਆਂ ਕਰਨ ਲਈ ਮਿੱਟੀ ਅਤੇ ਬੋਰਿਆਂ ਦੀ ਲੋੜ ਹੈ ਇਸ ਹਰ ਕੋਈ ਇਸ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਵੇ।












