
ਚੰਡੀਗ੍ਹੜ(ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਨੇ ਗਰਮਖਿਆਲੀ ਅੱਤਵਾਦੀ ਪਰਮਿੰਦਰ ਸਿੰਘ ਪਿੰਦੀ ਨੂੰ ਆਬੂਧਾਬੀ ਤੋਂ ਲਿਆ ਕੇ ਭਾਰਤ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਪਿੰਦੀ ਗਰਮਖਿਆਲੀ ਪੱਖੀ ਅੱਤਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਗਿਰੋਹ ਨਾਲ ਜੁੜਿਆ ਹੋਇਆ ਇਕ ਅੱਤਵਾਦੀ ਹੈ ਅਤੇ ਪਿੰਦੀ ਵਿਦੇਸ਼ੀ ਅੱਤਵਾਦੀ ਹਰਵਿੰਦਰ ਸਿੰਘ ਅਤੇ ਹੈਪੀ ਪਾਸੀਅਨ ਦਾ ਨਜ਼ਦੀਕੀ ਸਾਥੀ ਹੈ।

ਪੰਜਾਬ ਪੁਲਿਸ ਦੀ ਇਕ ਟੀਮ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਯੂਏਈ ਅਧਿਕਾਰੀਆਂ ਦੀ ਸਹਾਇਤਾ ਨਾਲ ਪਰਮਿੰਦਰ ਪਿੰਦੀ ਦੀ ਹਵਾਲਗੀ ਲਈ ਯੂਏਈ ਪਹੁੰਚੀ ਸੀ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਦੱਸਿਆ ਕਿ ਇਸ ਕਾਰਵਾਈ ਚ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਪਰਮਿੰਦਰ ਸਿੰਘ ੳਰਫ਼ ਪਿੰਦੀ ਨੂੰ ਆਬੂਧਾਬੀ ਤੋਂ ਲਿਆ ਕੇ ਭਾਰਤ ਹਵਾਲੇ ਕੀਤਾ ਹੈ। ਉਹ ਬਟਾਲਾ ਖੇਤਰ ’ਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰਨ ਵਸੂਲੀ ਸਮੇਤ ਕਈ ਅਪਰਾਧਾਂ ਵਿਚ ਉਸਦਾ ਨਾਮ ਸ਼ਾਮਲ ਹੈ।












