
ਭਵਾਨੀਗੜ੍ਹ (ਦ ਸਟੈਲਰ ਨਿਊਜ਼)। ਭਵਾਨੀਗੜ੍ਹ ਸੁਨਾਮ ਮੁੱਖ ਮਾਰਗ ‘ਤੇ ਪਿੰਡ ਝਨੇੜੀ ਵਿਖੇ ਨਵੇਂ ਬਣ ਰਹੇ ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਨੇੜੇ ਇੱਕ ਸਵਿਫਟ ਕਾਰ ਵੱਲੋਂ ਪੈਦਲ ਜਾ ਰਹੇ 2 ਵਿਅਕਤੀਆਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਜ਼ਖਮੀ ਹੋ ਗਿਆ।

ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਜੈਬਰਾ ਨੰਦ ਨੇ ਦੱਸਿਆ ਕਿ ਮਹਿੰਦਰ ਕਾਟਲ (53) ਵਾਸੀ ਕਪਿਲ ਕਲੋਨੀ ਅਤੇ ਹਰਦਿਆਲ ਸਿੰਘ ਵਾਸੀ ਦੀਪ ਕਾਲੋਨੀ ਭਵਾਨੀਗੜ੍ਹ ਪਿੰਡ ਝਨੇੜੀ ਨੇੜੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਗਏ ਸਨ। ਜਦੋਂ ਇਹ ਦੋਵੇਂ ਉਥੋਂ ਵਾਪਸ ਭਵਾਨੀਗੜ੍ਹ ਨੂੰ ਪੈਦਲ ਪਰਤ ਰਹੇ ਸਨ ਤਾਂ ਪਿੰਡ ਝਨੇੜੀ ਨੇੜੇ ਦਿੱਲੀ ਕੱਟੜਾ ਐਕਸਪ੍ਰੈਸ-ਵੇਅ ਨੇੜੇ ਸੁਨਾਮ ਵਾਲੇ ਪਾਸਿਓਂ ਆਉਂਦੀ ਇੱਕ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਫੇਟ ਮਾਰ ਦਿੱਤੀ।
ਇਸ ਹਾਦਸੇ ਵਿੱਚ ਮਹਿੰਦਰ ਕਾਟਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਹਰਦਿਆਲ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੌਰਾਨ ਕਾਰ ਚਾਲਕ ਭੁਪਿੰਦਰ ਸਿੰਘ ਜ਼ਖਮੀ ਹੋ ਗਿਆ।
ਪੁਲੀਸ ਨੇ ਹਾਦਸਾਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰ ਚਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।












