Saturday, October 24, 2026
Home Punjab ਪਿੰਡ ਬਰਿੰਦਰਪੁਰ ਦੇ ਨੇੜੇ ਰੇਹੜੀ ਵਾਲੇ ਨੂੰ ਗੋਲੀ ਮਾਰ ਕੇ ਲੁੱਟਣ ਵਾਲੇ...

ਪਿੰਡ ਬਰਿੰਦਰਪੁਰ ਦੇ ਨੇੜੇ ਰੇਹੜੀ ਵਾਲੇ ਨੂੰ ਗੋਲੀ ਮਾਰ ਕੇ ਲੁੱਟਣ ਵਾਲੇ 3 ਬਦਮਾਸ਼ ਹਥਿਆਰਾਂ ਸਮੇਤ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਵਿੱਚ 2 ਅਪ੍ਰੈਲ ਦੀ ਦੇਰ ਰਾਤ ਕਪੂਰਥਲਾ–ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਰਪੁਰ ਦੇ ਨੇੜੇ ਇੱਕ ਰੇਹੜੀ ਵਾਲੇ ਨੂੰ ਗੋਲੀ ਮਾਰ ਕੇ ਲੁੱਟਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਦੀ ਪੁਲਿਸ ਨੇ ਬਦਮਾਸ਼ਾਂ ਤੋਂ ਵਾਰਦਾਤ ਵਿੱਚ ਵਰਤੀ ਗਈ ਦੇਸੀ ਪਿਸਤੌਲ, ਮੈਗਜ਼ੀਨ, 6 ਕਾਰਤੂਸ ਅਤੇ ਬਾਈਕ ਬਰਾਮਦ ਕੀਤੀ ਹੈ। ਇਸ ਦੀ ਪੁਸ਼ਟੀ ਐਸਪੀ (ਡੀ) ਹਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਤਿੰਨੇ ਬਦਮਾਸ਼ ਪੇਸ਼ੇਵਰ ਅਪਰਾਧੀ ਹਨ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ । ਐਸਪੀ (ਡੀ) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਰਾਜਿੰਦਰ ਪਾਲ ਵਾਸੀ ਔਜਲਾ ਫਾਟਕ, ਜੱਗੂ ਸ਼ਾਹ ਡੇਰਾ ਕਪੂਰਥਲਾ ਨੇ ਦੱਸਿਆ ਕਿ ਉਹ RCF ਦੇ ਨੇੜੇ ਦੁਕਾਨਦਾਰਾਂ ਨੂੰ ਰੇਹੜੀ ‘ਤੇ ਖਾਣ-ਪੀਣ ਦਾ ਸਮਾਨ ਸਪਲਾਈ ਕਰਦਾ ਹੈ।

Advertisements

2 ਅਪ੍ਰੈਲ ਦੀ ਰਾਤ ਕਰੀਬ 10 ਵਜੇ ਉਹ ਰੋਜ਼ ਦੀ ਤਰ੍ਹਾਂ ਕੰਮ ਮੁਕਾ ਕੇ ਘਰ ਵਾਪਸ ਜਾ ਰਿਹਾ ਸੀ, ਜਦੋਂ ਉਹ ਪਿੰਡ ਬਰਿੰਦਰਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਨੂੰ ਰੋਕ ਲਿਆ। ਬਦਮਾਸ਼ਾਂ ਨੇ ਪਿਸਤੌਲ ਦਿਖਾ ਕੇ ਉਸ ਦੀ ਦਿਨ ਭਰ ਦੀ ਕਮਾਈ ਲੱਗਭਗ 10,000 ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਵਿਰੋਧ ਕਰਨ ‘ਤੇ ਬਦਮਾਸ਼ਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ । ਇਨ੍ਹਾਂ ਵਿੱਚੋਂ ਇੱਕ ਗੋਲੀ ਜ਼ਮੀਨ ‘ਤੇ ਅਤੇ ਦੂਜੀ ਉਸ ਦੀ ਲੱਤ ਦੇ ਉੱਪਰਲੇ ਹਿੱਸੇ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਘਟਨਾ ਤੋਂ ਬਾਅਦ ਨੇੜਲੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਿਊਟੀ ਡਾਕਟਰ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ । ਐਸਪੀ (ਡੀ) ਨੇ ਦੱਸਿਆ ਕਿ ਇਸ ਮਾਮਲੇ ਵਿੱਚ ਡੀਐਸਪੀ ਸਬ-ਡਿਵੀਜ਼ਨ ਡਾ. ਸ਼ੀਤਲ ਸਿੰਘ ਅਤੇ ਥਾਣਾ ਸਦਰ ਦੇ ਐਸਐਚਓ ਐਸਆਈ ਰਣਜੀਤ ਸਿੰਘ ਦੀ ਟੀਮ ਨੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਮੁਲਜ਼ਮਾਂ ਦੀ ਪਛਾਣ ਪਰਮੇਸ਼ਵਰ ਸਿੰਘ ਉਰਫ਼ ਸੋਨੂ ਵਾਸੀ ਪਿੰਡ ਅਦਾਲਤ ਚੱਕ ਨਿਊ ਕਾਲੋਨੀ ਸੁਲਤਾਨਪੁਰ ਲੋਧੀ, ਅਵਿਨਾਸ਼ ਉਰਫ਼ ਵਰਾਟ ਵਾਸੀ ਕਾਜਲੀ ਬਾਗ ਅਰੋੜਾ ਸੁਲਤਾਨਪੁਰ ਲੋਧੀ ਅਤੇ ਸੁਭਾਸ਼ ਉਰਫ਼ ਨੀਟਾ ਵਾਸੀ ਪਿੰਡ ਲੋਧੀ ਭੁਲਾਣਾ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ । ਤਲਾਸ਼ੀ ਦੌਰਾਨ ਇਨ੍ਹਾਂ ਤੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਦੇਸੀ ਪਿਸਤੌਲ, ਮੈਗਜ਼ੀਨ, 6 ਕਾਰਤੂਸ ਅਤੇ ਬਾਈਕ ਬਰਾਮਦ ਕੀਤੀ ਗਈ ਹੈ। ਐਸਪੀ (ਡੀ) ਨੇ ਦੱਸਿਆ ਕਿ ਤਿੰਨੇ ਪੇਸ਼ੇਵਰ ਅਪਰਾਧੀ ਹਨ । ਸੋਨੂ ਅਤੇ ਅਵਿਨਾਸ਼ ਖ਼ਿਲਾਫ਼ ਇੱਕ-ਇੱਕ ਐਨਡੀਪੀਐਸ ਐਕਟ ਦਾ ਕੇਸ ਦਰਜ ਹੈ, ਜਦਕਿ ਨੀਟਾ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਲੁੱਟ ਦੇ ਤਿੰਨ ਕੇਸ ਦਰਜ ਹਨ। ਇਹ ਤਿੰਨੇ ਹੀ ਮਾਮਲਿਆਂ ਵਿੱਚ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਹੋਏ ਸਨ।

LEAVE A REPLY

Please enter your comment!
Please enter your name here