
ਅੰਬਾਲਾ (ਦ ਸਟੈਲਰ ਨਿਊਜ਼)। ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਕੱਲ੍ਹ ਰਾਤ ਇਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਦਾ ਨੁਕਸਾਨ ਹੋਇਆ ਹੈ। ਧਮਾਕਾ ਰਾਤੀਂ ਕਰੀਬ 10 ਵਜੇ ਹੋਇਆ। ਮੁੱਢਲੀ ਜਾਣਕਾਰੀ ਮੁਤਾਬਿਕ ਧਮਾਕੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਰੇਲ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ।

ਧਮਾਕੇ ਬਾਰੇ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਵਰੁਣ ਸ਼ਰਮਾ, ਘਨੌਰ ਦੇ ਡੀਐੱਸਪੀ ਦਲਜੀਤ ਵਿਰਕ ਅਤੇ ਘਨੌਰ ਦੇ ਐੱਸਐੱਚਓ ਗੁਰਮੁੱਖ ਸਿੰਘ ਵਿਰਕ ਤੇ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਘਟਨਾ ਮਗਰੋਂ ਰੇਲਵੇ ਵਿਭਾਗ ਨੇ ਆਵਾਜਾਈ ਰੋਕ ਦਿੱਤੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹ ਘਟਨਾ ਰਾਤ ਨੂੰ ਮਾਲ ਗੱਡੀਆਂ ਲਈ ਬਣਾਏ ਗਏ ਰੇਲਵੇ ਟਰੈਕ ‘ਤੇ ਵਾਪਰੀ। ਧਮਾਕਾ ਘੱਟ ਤੀਬਰਤਾ ਵਾਲਾ ਸੀ, ਜਿਸ ਨਾਲ ਕਾਫ਼ੀ ਨੁਕਸਾਨ ਹੋਣ ਤੋਂ ਬਚਿਆ। ਹਾਲਾਂਕਿ, ਧਮਾਕੇ ਨਾਲ ਟਰੈਕ ਨੂੰ ਨੁਕਸਾਨ ਪਹੁੰਚਿਆ ਸੀ, ਇਸ ਲਈ ਇਸ ਨੂੰ ਮੁਰੰਮਤ ਦੀ ਲੋੜ ਹੈ। ਇੱਕ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਜੋ ਵਿਅਕਤੀ ਰੇਲਵੇ ਟ੍ਰੇਕ ’ਤੇ ਧਮਾਕਾ ਕਰਨ ਲਈ ਆਇਆ ਸੀ ਉਸ ਦੀ ਵੀ ਇਸ ਧਮਾਕੇ ਵਿੱਚ ਮੌਤ ਹੋ ਗਈ ਹੈ।
ਫਿਲਹਾਲ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਇੱਕ ਫੋਰੈਂਸਿਕ ਟੀਮ ਨੇ ਨਮੂਨੇ ਲਏ ਹਨ ਅਤੇ ਜਾਂਚ ਕਰ ਰਹੀ ਹੈ।












