
ਜਗਰਾਉਂ (ਦ ਸਟੈਲਰ ਨਿਊਜ਼)। ਜਗਰਾਉਂ ਦੇ ਨਜ਼ਦੀਕੀ ਪਿੰਡ ਪੱਬੀਆਂ ਦੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਜਗਦੀਸ਼ ਸਿੰਘ (80) ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਨਾਲ ਨੋਚ-ਨੋਚ ਕੇ ਮਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਬਜ਼ੁਰਗ ਕਿਸਾਨ ਆਗੂ ਜਗਦੀਸ਼ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤ ਵਿੱਚ ਬਣੀ ਮੋਟਰ ’ਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ।

ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ’ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਕਿ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਅਤੇ ਇੱਕ ਬਾਂਹ ਵੀ ਸਰੀਰ ਨਾਲੋਂ ਗਾਇਬ ਸੀ।











