Sunday, October 4, 2026
Home Crime ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਦੇ ਮਾਮਲੇ ‘ਚ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਗ੍ਰਿਫ਼ਤਾਰ

ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਦੇ ਮਾਮਲੇ ‘ਚ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਗ੍ਰਿਫ਼ਤਾਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਜੇਲ੍ਹ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਮੋਬਾਈਲ ਫ਼ੋਨ ਪਹੁੰਚਾਉਣ ਦੇ ਇੱਕ ਵੱਡੇ ਮਾਮਲੇ ਵਿੱਚ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਮੁਤਾਬਕ ਜੇਲ੍ਹ ਦੇ ਅੰਦਰ ਪੈਸੇ ਲੈ ਕੇ ਮੋਬਾਈਲ ਫ਼ੋਨ ਅਤੇ ਹੋਰ ਸ਼ੱਕੀ ਸਮੱਗਰੀ ਪਹੁੰਚਾਉਣ ਦਾ ਇੱਕ ਪੂਰਾ ਨੈੱਟਵਰਕ ਚੱਲ ਰਿਹਾ ਸੀ, ਜਿਸ ’ਤੇ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਇਸ ਮਾਮਲੇ ਦੀ ਸ਼ੁਰੂਆਤ 29 ਜੁਲਾਈ 2026 ਨੂੰ ਹੋਈ ਸੀ, ਜਦੋਂ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਵਾਰਡਨ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਵਾਰਡਨ ਕੋਲੋਂ ਪੁੱਛਗਿੱਛ ਅਤੇ ਜਾਂਚ ਦੇ ਦੌਰਾਨ ਕੁਝ ਅਜਿਹੇ ਠੋਸ ਸਬੂਤ ਅਤੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ। ਇਨ੍ਹਾਂ ਮਿਲੇ ਸਬੂਤਾਂ ਦੇ ਆਧਾਰ ’ਤੇ ਹੀ ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਅਸਿਸਟੈਂਟ ਜੇਲ੍ਹ ਸੁਪਰਡੈਂਟ ਬਿੰਨੀ ਟਾਂਗ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੇਲ੍ਹ ਅੰਦਰ ਹਵਾਲਾਤੀਆਂ ਤੱਕ ਮੋਬਾਈਲ ਫ਼ੋਨ ਪਹੁੰਚਾਉਣ ਲਈ ਮੋਟੀਆਂ ਰਕਮਾਂ (ਰਿਸ਼ਵਤ) ਲਈਆਂ ਜਾਂਦੀਆਂ ਸਨ।

Advertisements

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵਲੋਂ ਸਿੱਧੀ ਦੇਖ-ਰੇਖ ਹੇਠ ਕੀਤੀ ਜਾ ਰਹੀ ਹੈ। ਐੱਸ.ਪੀ.ਡੀ. ਨੇ ਦੱਸਿਆ ਕਿ ਪੁਲਿਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਲ੍ਹ ਅੰਦਰ ਮੋਬਾਈਲ ਫ਼ੋਨ ਪਹੁੰਚਾਉਣ ਲਈ ਕਿੰਨੇ ਪੈਸਿਆਂ ਦਾ ਲੈਣ-ਦੇਣ ਹੁੰਦਾ ਸੀ। ਇਸ ਗੈਰ-ਕਾਨੂੰਨੀ ਧੰਦੇ ਅਤੇ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਕਰਮਚਾਰੀ ਜਾਂ ਬਾਹਰੀ ਵਿਅਕਤੀ ਸ਼ਾਮਲ ਹਨ? ਹੁਣ ਤੱਕ ਕਿੰਨੇ ਹਵਾਲਾਤੀਆਂ/ਕੈਦੀਆਂ ਨੂੰ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਸੀ। ਇਸ ਕਾਰਵਾਈ ਤੋਂ ਸਿੱਧ ਹੁੰਦਾ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਪਹੁੰਚਾਉਣ ਦਾ ਇਹ ਖੇਡ ਬਿਨਾਂ ਅੰਦਰੂਨੀ ਮਿਲੀਭੁਗਤ ਦੇ ਸੰਭਵ ਨਹੀਂ ਸੀ। ਜੇਲ੍ਹ ਦੇ ਉੱਚ ਅਹੁਦੇ ’ਤੇ ਤਾਇਨਾਤ ਅਧਿਕਾਰੀ ਦੀ ਗ੍ਰਿਫ਼ਤਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਨੂੰਨ ਦੇ ਰਖਵਾਲੇ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਰਿਮਾਂਡ ਦੌਰਾਨ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ ਦੇ ਕੁਝ ਹੋਰ ਵੱਡੇ ਚਿਹਰੇ ਵੀ ਨੰਗੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here