Monday, October 5, 2026
Home Crime ਸਕੂਲ ਤੋਂ ਘਰ ਪਰਤ ਰਹੇ 17 ਸਾਲਾ ਵਿਦਿਆਰਥੀ ਨੂੰ ਸੀਮੈਂਟ ਨਾਲ ਭਰੇ...

ਸਕੂਲ ਤੋਂ ਘਰ ਪਰਤ ਰਹੇ 17 ਸਾਲਾ ਵਿਦਿਆਰਥੀ ਨੂੰ ਸੀਮੈਂਟ ਨਾਲ ਭਰੇ ਟਰੱਕ ਨੇ ਕੁਚਲਿਆ, ਹੋਈ ਮੌਤ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਪਿੰਡ ਚੜਿੱਕ ਵਿੱਚ ਸ਼ਨੀਵਾਰ ਨੂੰ 12ਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਉਸ ਵੇਲੇ ਦਰਦਨਾਕ ਮੌਤ ਹੋ ਗਈ, ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਸੀਮੈਂਟ ਨਾਲ ਭਰੇ ਮਿਕਸਰ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ। ਪਰਿਵਾਰ ਦਾ ਆਰੋਪ ਹੈ ਕਿ ਟਰੱਕ ਵਿੱਚ ਮੌਜੂਦ ਸੀਮੈਂਟ ਮਿਕਸਰ ਨੂੰ ਪੁਲਿਸ ਨੇ ਟਰੱਕ ਮਾਲਕ ਨਾਲ ਮਿਲੀਭੁਗਤ ਕਰਕੇ ਖਾਲੀ ਕਰਵਾ ਦਿੱਤਾ, ਜਿਸ ਨਾਲ ਸਬੂਤਾਂ ਨਾਲ ਛੇੜਛਾੜ ਹੋਈ। ਜਿਵੇਂ ਹੀ ਇਹ ਗੱਲ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਵਿੱਚ ਭਾਰੀ ਰੋਸ ਫੈਲ ਗਿਆ। ਪਰਿਵਾਰ, ਸੈਂਕੜੇ ਪਿੰਡ ਵਾਸੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਹੇਠ ਥਾਣਾ ਚੜਿੱਕ ਦਾ ਘਿਰਾਓ ਕੀਤਾ ਗਿਆ।

Advertisements

ਪ੍ਰਦਰਸ਼ਨਕਾਰੀਆਂ ਨੇ ਥਾਣਾ ਮੁਖੀ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ। ਮੌਕੇ ‘ਤੇ ਪਹੁੰਚੇ ਡੀਐਸਪੀ ਜਤਿੰਦਰ ਸਿੰਘ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਲਾਪਰਵਾਹੀ ਜਾਂ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਇੱਕ ਪਾਸੇ ਪਰਿਵਾਰ ਨੇ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ ਅਤੇ ਦੂਜੇ ਪਾਸੇ ਪੁਲਿਸ ਟਰੱਕ ਮਾਲਕ ਦਾ ਪੱਖ ਲੈ ਰਹੀ ਹੈ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡੀਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਅਤੇ ਡੀਏ ਲੀਗਲ ਦੀ ਰਾਏ ਦੇ ਆਧਾਰ ‘ਤੇ ਪਰਿਵਾਰ ਦੀ ਮੰਗ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here