
ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਦੇ ਪਿੰਡ ਲਾਹੜੀ ਵਿੱਚ ਬੀਤੀ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਇੱਕ ਜ਼ਿੰਮੀਦਾਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ। ਘਰ ਅੰਦਰ ਗੋਲੀ ਕੰਧ ਅਤੇ ਸ਼ੀਸ਼ੇ ਵਿੱਚ ਲੱਗੀ, ਚੰਗੀ ਕਿਸਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਵੀ ਜਾਂਚ ਵਿੱਚ ਜੁਟ ਗਈਆਂ ਹਨ। ਦੱਸ ਦੇਈਏ ਕਿ ਜਿਵੇਂ ਹੀ ਇਹ ਘਟਨਾ ਵਾਪਰੀ, ਉਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਤੋਂ ਤੱਥ ਜੁਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਅੰਦਰ ਅਣਪਛਾਤੇ ਹਮਲਾਵਰਾਂ ਨੇ ਲੱਗਦਾ ਹੈ ਕਿ 2 ਰਾਊਂਡ ਫਾਇਰਿੰਗ ਕੀਤੀ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਪ੍ਰਕਾਰ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।












