
ਬਠਿੰਡਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸਾਬਕਾ ਸਰਪੰਚ ਦੇ ਕਤਲ ਦਾ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬਠਿੰਡਾ ਦੇ ਪਿੰਡ ਫੂਸ ਮੰਡੀ ਤੋਂ ਹੈ, ਜਿੱਥੇ 62 ਸਾਲਾ ਸਾਬਕਾ ਸਰਪੰਚ ਜਗਤਾਰ ਸਿੰਘ ਉਰਫ਼ ਤਾਰਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਠੇਕੇ ਤੋਂ ਸ਼ਰਾਬ ਲੈਣ ਲਈ ਆਇਆ ਸੀ। ਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਗੁਰਬਖਸ਼ ਸਿੰਘ ਨੇ ਉਸ ਦੇ ਸਿਰ ‘ਤੇ ਕੁਹਾੜੀ ਨਾਲ ਵਾਰ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਜਗਤਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਫੋਰੈਂਸਿਕ ਟੀਮ ਵੱਲੋਂ ਵੀ ਸਬੂਤ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਗੁਰਬਖਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਵਿੱਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ। ਐਸ.ਪੀ. ਸਿਟੀ ਆਸ਼ਵੰਤ ਸਿੰਘ ਅਨੁਸਾਰ ਮੁੱਢਲੀ ਜਾਂਚ ਵਿੱਚ ਕਤਲ ਪਿੱਛੇ ਪੁਰਾਣੀ ਰੰਜਿਸ਼ ਦੀ ਗੱਲ ਸਾਹਮਣੇ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਦੋਵੇਂ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਫਿਲਹਾਲ ਪੁਲਿਸ ਵੱਲੋਂ ਕਤਲ ਦੇ ਪੂਰੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਆਖਿਰ ਪੁਰਾਣੀ ਰੰਜਿਸ਼ ਦੀ ਉਹ ਕਿਹੜੀ ਵਜ੍ਹਾ ਸੀ, ਜਿਸ ਨੇ ਇੱਕ ਸਾਬਕਾ ਸਰਪੰਚ ਦੀ ਜਾਨ ਲੈ ਲਈ।












