
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਤੋਂ ਇਰ ਦੁਖਭਰੀ ਖਬਰ ਸਾਹਮਣੇ ਆਈ ਹੈ। ਕੱਲ੍ਹ ਬੀਤੀ ਰਾਤ ਯੂਨੀਵਰਸਿਟੀ ਕੈਂਪਸ ਉਸ ਵੇਲੇ ਅਖਾੜਾ ਬਣ ਗਿਆ, ਜਦੋਂ ਰਾਤ ਦੇ ਕਰੀਬ 12 ਵਜੇ ਇੱਕ ਹੋਸਟਲ ਦੇ ਅੰਦਰ ਖੂਨੀ ਝੜਪ ਹੋ ਗਈ। ਇੱਕ ਵਿਦਿਆਰਥੀ ‘ਤੇ ਹੋਈ ਚਾਕੂਬਾਜ਼ੀ ਦੀ ਇਸ ਖ਼ੌਫ਼ਨਾਕ ਘਟਨਾ ਨੇ ਪੂਰੇ ਕੈਂਪਸ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਵਿੱਚ ਇਕ ਵਿਦਿਆਰਥੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ 7ਵੇਂ ਅਸਮਾਨ ‘ਤੇ ਪਹੁੰਚ ਗਿਆ। ਕੈਂਪਸ ਦੇ ਢਿੱਲੇ ਸੁਰੱਖਿਆ ਪ੍ਰਬੰਧਾਂ ਦੇ ਖ਼ਿਲਾਫ਼ ਸੈਂਕੜੇ ਵਿਦਿਆਰਥੀ ਸੜਕਾਂ ‘ਤੇ ਉਤਰ ਆਏ ਅਤੇ ਦੇਰ ਰਾਤ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਦਾ ਸਾਫ਼ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹੈ।

ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ’ਤੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਵਿਦਿਆਰਥੀ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਸਬ ਡਿਵੀਜ਼ਨਲ ਹਸਪਤਾਲ ਖਰੜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਅਪ੍ਰਮਾਣਿਤ ਜਾਣਕਾਰੀ ਨੂੰ ਰੋਕਿਆ ਜਾ ਸਕੇ।











