ਘੜੇ ਦੇ ਪਾਣੀ ਦਾ ਉਪਯੋਗ ਕਰਕੇ ਦਿੱਤਾ ਕੁਦਰਤ ਨਾਲ ਰਿਸ਼ਤਾ ਮਜ਼ਬੂਤ ਕਰਨ ਦਾ ਸੁਨੇਹਾ

ਹੁਸ਼ਿਆਰਪੁਰ, (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿਥੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਏ.ਸੀ., ਕੂਲਰ ਅਤੇ ਫਰਿੱਜ਼ਾਂ ਇਕ ਦਿਨ ਲਈ ਬੰਦ ਰੱਖ ਕੇ ਬਿਜਲੀ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ, ਉਥੇ ਅਗਲੇ ਦਿਨ ਮੁਲਾਜ਼ਮ ਕਾਰ ਪੂਲਿੰਗ ਡੇਅ ‘ਤੇ ਵਾਹਨ ਸ਼ੇਅਰ ਕਰਦੇ ਨਜ਼ਰ ਆਏ, ਜਦਕਿ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਦਾ ਸੰਦੇਸ਼ ਦੇਣ ਲਈ ਬੀਤੇ ਦਿਨ ਉਚ ਅਧਿਕਾਰੀ ਸਾਈਕਲਾਂ ‘ਤੇ ਦਫ਼ਤਰ ਪੁੱਜੇ ਸਨ। ਉਕਤ ਕੀਤੇ ਨਿਵੇਕਲੇ ਉਪਰਾਲਿਆਂ ਤੋਂ ਬਾਅਦ ਜ਼ਿਲਾ ਪ੍ਰਸ਼ਾਸ਼ਨ ਨੇ ਅੱਜ ਇਕ ਨਵੀਂ ਪਹਿਲ ਕਰਦਿਆਂ ਸਰਕਾਰੀ ਦਫ਼ਤਰਾਂ ਵਿੱਚ ਘੜਿਆਂ ਦਾ ਪਾਣੀ ਪੀ ਕੇ ਕੁਦਰਤ ਨਾਲ ਰਿਸ਼ਤਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।

Advertisements

ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਤਕਰੀਬਨ ਸਾਰੇ ਦਫ਼ਤਰਾਂ ਵਿੱਚ ਵਾਟਰ ਕੂਲਰ ਅਤੇ ਫਰਿੱਜਾਂ ਦੇ ਪਾਣੀ ਦੀ ਵਰਤੋਂ ਨਾ ਕਰਕੇ ਕੇਵਲ ਘੜਿਆਂ ਦਾ ਹੀ ਪਾਣੀ ਪੀਤਾ ਗਿਆ। ਇਸ ਤੋਂ ਇਲਾਵਾ ਕੰਪਲੈਕਸ ਵਿਖੇ ਸੇਵਾਵਾਂ ਲੈਣ ਲਈ ਆਏ ਆਮ ਲੋਕ ਵੀ ਘੜਿਆ ਦਾ ਪਾਣੀ ਪੀਂਦੇ ਨਜ਼ਰ ਆਏ। ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਨੇ ਕਿਹਾ ਕਿ ਕੁਦਰਤ ਨਾਲ ਸਾਂਝ ਮਜ਼ਬੂਤ ਕਰਨ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਿੱਟੀ ਨਾਲ ਜੁੜ ਕੇ ਵੀ ਸਿਹਤ ਨਿਰੋਈ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਅੱਜ ਜਿਥੇ ਮੁਲਾਜ਼ਮਾਂ ਵਲੋਂ ਫਰਿੱਜ਼ਾਂ ਅਤੇ ਵਾਟਰ ਕੂਲਰਾਂ ਦੀ ਵਰਤੋਂ ਨਾ ਕਰਕੇ ਕੇਵਲ ਘੜਿਆਂ ਦਾ ਹੀ ਪਾਣੀ ਪੀਤਾ ਗਿਆ, ਉਥੇ ਦਫ਼ਤਰਾਂ ਵਿੱਚ ਕੰਮ ਕਰਵਾਉਣ ਪੁੱਜੇ ਆਮ ਲੋਕਾਂ ਨੂੰ ਵੀ ਏਹੀ ਪਾਣੀ ਪੀਣ ਨੂੰ ਦਿੱਤਾ ਗਿਆ ਹੈ।ਕਲੇਰ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਜਨਤਾ ਨੂੰ ਬਿਜਲੀ ਅਤੇ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ, ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਘੜਿਆਂ ਦਾ ਪਾਣੀ ਸਿਹਤ ਲਈ ਬੜਾ ਫਾਇਦੇਮੰਦ ਹੈ। ਉਹਨਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਪਾਣੀ ਦੀ ਬੱਚਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪਾਣੀ ਤੋਂ ਬਗੈਰ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

LEAVE A REPLY

Please enter your comment!
Please enter your name here